ਬੱਲੋਮਾਜਰਾ ਦੇ ਗਰੀਨ ਇਨਕਲੇਵ ’ਚ ਗੰਦੇ ਪਾਣੀ ਦੀ ਸਮੱਸਿਆ ਦਾ ਹੋਵੇਗਾ ਸਥਾਈ ਹੱਲ : ਮੇਅਰ ਜੀਤੀ ਸਿੱਧੂ
ਗਰੀਨ ਇਨਕਲੇਵ ਵਿਚ ਗੰਦੇ ਪਾਣੀ ਦੀ ਸਮੱਸਿਆ ਦਾ ਹੋਵੇਗਾ ਸਥਾਈ ਹੱਲ : ਮੇਅਰ ਜੀਤੀ ਸਿੱਧੂ
Publish Date: Wed, 21 Jan 2026 07:43 PM (IST)
Updated Date: Wed, 21 Jan 2026 07:45 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪਿੰਡ ਬੱਲੋਮਾਜਰਾ ਦੇ ਨੇੜਲੇ ਇਲਾਕੇ ਗਰੀਨ ਇਨਕਲੇਵ ਵਿਚ ਗੰਦੇ ਪਾਣੀ ਦੇ ਨਿਕਾਸ ਦੀ ਗੰਭੀਰ ਸਮੱਸਿਆ ਨੂੰ ਹੱਲ ਕਰਨ ਲਈ ਨਗਰ ਨਿਗਮ ਮੁਹਾਲੀ ਨੇ ਕਮਰ ਕੱਸ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਨੂੰ ਜਲਦ ਹੀ ਗੰਦਗੀ ਤੋਂ ਨਿਜਾਤ ਮਿਲੇਗੀ। ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨਜੀਟੀ) ਵਿਚ ਚੱਲ ਰਹੇ ਕੇਸ ਦੇ ਸੰਦਰਭ ਵਿਚ ਡਿਪਟੀ ਕਮਿਸ਼ਨਰ ਐੱਸਏਐੱਸ ਨਗਰ, ਗਮਾਡਾ ਦੇ ਮੁੱਖ ਪ੍ਰਸ਼ਾਸਕ ਅਤੇ ਨਗਰ ਨਿਗਮ ਦੀ ਸਾਂਝੀ ਬੈਠਕ ਵਿਚ ਇਸ ਮਸਲੇ ਦਾ ਤੁਰੰਤ ਹੱਲ ਲੱਭਣ ਦਾ ਫ਼ੈਸਲਾ ਲਿਆ ਗਿਆ ਹੈ, ਕਿਉਂਕਿ ਗਰੀਨ ਇਨਕਲੇਵ ਹੁਣ ਨਗਰ ਨਿਗਮ ਦੀ ਹਦੂਦ ਵਿਚ ਆ ਚੁੱਕਾ ਹੈ, ਇਸ ਲਈ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਨ ਦੇਣਾ ਨਿਗਮ ਦੀ ਮੁੱਢਲੀ ਜ਼ਿੰਮੇਵਾਰੀ ਹੈ। ਇਸ ਪ੍ਰਾਜੈਕਟ ਤਹਿਤ 500 ਕੇਐੱਲਡੀ ਸਮਰੱਥਾ ਵਾਲਾ ਪੋਰਟੇਬਲ ਸੀਵਰੇਜ ਟਰੀਟਮੈਂਟ ਪਲਾਂਟ ਸਥਾਪਿਤ ਕੀਤਾ ਜਾਵੇਗਾ। ਇਸ ਪ੍ਰਾਜੈਕਟ ਤੇ ਕੁੱਲ 382.93 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਵਿਚ ਨਵੀਂ ਪਾਈਪ ਲਾਈਨ ਵਿਛਾਉਣ ਤੋਂ ਲੈ ਕੇ 5 ਸਾਲਾ ਤੱਕ ਪਲਾਂਟ ਦੀ ਸਾਂਭ-ਸੰਭਾਲ ਦਾ ਖਰਚਾ ਵੀ ਸ਼ਾਮਲ ਹੈ। ਪ੍ਰਾਜੈਕਟ ਲਈ ਫੰਡ ਗਮਾਡਾ ਵੱਲੋਂ ਦਿੱਤੇ ਜਾਣਗੇ, ਜਦਕਿ ਕੰਮ ਨੂੰ ਨੇਪਰੇ ਚਾੜ੍ਹਨ ਦੀ ਜ਼ਿੰਮੇਵਾਰੀ ਨਗਰ ਨਿਗਮ ਮੁਹਾਲੀ ਦੀ ਹੋਵੇਗੀ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸਪਸ਼ਟ ਕੀਤਾ ਕਿ ਨਗਰ ਨਿਗਮ ਐੱਨਜੀਟੀ ਦੀਆਂ ਹਦਾਇਤਾਂ ਦੀ ਪੂਰੀ ਪਾਲਣਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਨਾ ਸਿਰਫ਼ ਵਾਤਾਵਰਨ ਦੀ ਸੁਰੱਖਿਆ ਕਰੇਗਾ, ਸਗੋਂ ਇਲਾਕਾ ਨਿਵਾਸੀਆਂ ਨੂੰ ਬਿਮਾਰੀਆਂ ਅਤੇ ਬਦਬੂ ਤੋਂ ਵੀ ਮੁਕਤੀ ਦਿਵਾਏਗਾ।