ਅਮਰੀਕਾ ਜਾਣ ਦਾ ਸੁਪਨਾ ਪਿਆ ਬਹੁਤ ਮਹਿੰਗਾ:, ਨੌਜਵਾਨ ਦੀ ਮੈਕਸੀਕੋ ’ਚ ਹੋਈ ਸੀ ਮੌਤ, ਸਵਾ ਚਾਰ ਮਹੀਨਿਆਂ ਬਾਅਦ ਪਰਿਵਾਰ ਨੂੰ ਮਿਲੇਗੀ ਮ੍ਰਿਤਕ ਦੇਹ
ਪਿੰਡ ਸਮਗੌਲੀ ਤੋਂ ਡੰਕੀ ਲਗਾਕੇ ਅਮਰੀਕਾ ਜਾ ਰਹੇ 28 ਸਾਲਾ ਹਰਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਦੀ ਸਤੰਬਰ ਮਹੀਨੇ ਵਿਚ ਮੈਕਸੀਕੋ ਵਿਖੇ ਮੌਤ ਹੋ ਗਈ ਸੀ। ਓਦੋਂ ਤੋ ਹੀ ਉਸਦੀ ਲਾਸ਼ ਮੈਕਸੀਕੋ ਵਿਚ ਫਸੀ ਹੋਈ ਸੀ, ਜੋ ਅੱਜ ਸ਼ੁੱਕਰਵਾਰ ਨੂੰ ਇੱਥੇ ਪਹੁੰਚ ਜਾਵੇਗੀ। ਪਰਿਵਾਰ ਨੂੰ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਲਿਆਉਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
Publish Date: Fri, 13 Feb 2026 12:41 PM (IST)
Updated Date: Fri, 13 Feb 2026 12:48 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ। ਪਿੰਡ ਸਮਗੌਲੀ ਤੋਂ ਡੰਕੀ ਲਗਾਕੇ ਅਮਰੀਕਾ ਜਾ ਰਹੇ 28 ਸਾਲਾ ਹਰਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਦੀ ਸਤੰਬਰ ਮਹੀਨੇ ਵਿਚ ਮੈਕਸੀਕੋ ਵਿਖੇ ਮੌਤ ਹੋ ਗਈ ਸੀ। ਓਦੋਂ ਤੋ ਹੀ ਉਸਦੀ ਲਾਸ਼ ਮੈਕਸੀਕੋ ਵਿਚ ਫਸੀ ਹੋਈ ਸੀ, ਜੋ ਅੱਜ ਸ਼ੁੱਕਰਵਾਰ ਨੂੰ ਇੱਥੇ ਪਹੁੰਚ ਜਾਵੇਗੀ। ਪਰਿਵਾਰ ਨੂੰ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਲਿਆਉਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਪਰਿਵਾਰ ਦਾ ਦੋਸ਼ ਹੈ ਕਿ ਹਰਦੀਪ ਦੇ ਨੇਪਾਲ ਦੇ ਜਾਅਲੀ ਦਸਤਾਵੇਜ਼ ਬਣਵਾ ਕੇ ਉਸਨੂੰ ਮੈਕਸੀਕੋ ਭੇਜਿਆ ਗਿਆ ਸੀ। ਉੱਥੇ ਉਸਦੀ ਮੌਤ ਹੋਣ ’ਤੇ ਲਾਸ਼ ਭਾਰਤ ਵਾਪਸ ਲਿਆਉਣ ਵਿਚ ਭਾਰੀ ਪਰੇਸ਼ਾਨੀ ਆਈ। ਮ੍ਰਿਤਕ ਭਾਰਤ ਦਾ ਰਹਿਣ ਵਾਲਾ ਸੀ, ਜਦਕਿ ਉਸਦੇ ਦਸਤਾਵੇਜ਼ ਨੇਪਾਲ ਦੇ ਬਣੇ ਹੋਣ ਕਰਕੇ ਇਹ ਦਿੱਕਤ ਆ ਰਹੀ ਸੀ, ਜਿਸ ਕਰਕੇ ਲਾਸ਼ ਨੂੰ ਆਉਣ ਵਿਚ ਐਨਾ ਸਮਾਂ ਲਗ ਗਿਆ।
ਡੇਰਾਬੱਸੀ ਥਾਣਾ ਮੁਖੀ ਸੁਮਿਤ ਮੋਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਮ੍ਰਿਤਕ ਨੇ ਮੌਤ ਤੋਂ ਪਹਿਲਾਂ ਵੀਡੀਓ ਬਣਾ ਕੇ ਵਾਇਰਲ ਕੀਤੀ ਸੀ, ਜਿਸ ਵਿਚ ਦੋ ਏਜੰਟਾਂ ਨੂੰ ਜ਼ਿੰਮੇਵਾਰ ਦੱਸਿਆ ਸੀ। ਪੁਲਿਸ ਨੇ ਇਸ ਮਾਮਲੇ ਵਿਚ ਦੋ ਜਾਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ, ਜਿਨ੍ਹਾਂ ਵਿਚੋਂ ਇਕ ਏਜੰਟ ਨੂੰ ਅੱਜ ਕਾਬੂ ਕਰ ਲਿਆ, ਜਦਕਿ ਇਕ ਅਜੇ ਵੀ ਫ਼ਰਾਰ ਚੱਲ ਰਿਹਾ ਹੈ।
ਥਾਣਾ ਮੁਖੀ ਸੁਮਿਤ ਮੋਰ ਨੇ ਦੱਸਿਆ ਕਿ ਮ੍ਰਿਤਕ ਦੇ ਨੇਪਾਲ ਦੇ ਦਸਤਾਵੇਜ਼ ਹੋਣ ਕਰਕੇ ਲਾਸ਼ ਭਾਰਤ ਨਹੀਂ ਆ ਰਹੀ ਸੀ। ਇਸਦੇ ਚਲਦੇ ਅਮਬੈਂਸੀ ਨਾਲ ਤਾਲਮੇਲ ਕਰਕੇ ਪਹਿਲਾਂ ਭਾਰਤ ਤੋਂ ਉਸਦੇ ਫਿੰਗਰ ਪ੍ਰਿੰਟ ਭੇਜ ਕੇ ਵੈਰੀਫਾਈ ਕਰਵਾਏ ਗਏ। ਇਸ ਮਗਰੋਂ ਨੇਪਾਲ ਤੋਂ ਉਸਦੇ ਦਸਤਾਵੇਜ਼ ਦੀ ਜਾਂਚ ਕਰਵਾਈ ਗਈ, ਜਿਥੋਂ ਪਤਾ ਲਗਾ ਕਿ ਉਹ ਨੇਪਾਲ ਦਾ ਵਸਨੀਕ ਨਹੀਂ ਸੀ। ਇਸ ਮਗਰੋਂ ਕਾਗ਼ਜ਼ੀ ਕਰਵਾਈ ਪੂਰੀ ਕਰਕੇ ਹਰਦੀਪ ਦੀ ਲਾਸ਼ ਭਾਰਤ ਲਿਆਉਣ ਦਾ ਰਾਹ ਸਾਫ਼ ਹੋਇਆ।
ਦੱਸਣਯੋਗ ਹੈ ਕਿ ਪਿੰਡ ਸਮਗੌਲੀ ਦੇ ਇਕ ਨੌਜਵਾਨ ਨੂੰ ਅਮਰੀਕਾ ਜਾਣ ਦਾ ਸੁਪਨਾ ਬਹੁਤ ਮਹਿੰਗਾ ਪੈ ਗਿਆ। ਕਰੀਬ 37 ਲੱਖ ਰੁਪਏ ਲਗਾ ਕੇ ਖ਼ਤਰਨਾਕ 'ਡੰਕੀ ਰੂਟ' ਰਾਹੀਂ ਅਮਰੀਕਾ ਜਾ ਰਹੇ ਇਸ ਨੌਜਵਾਨ ਦੀ ਮੈਕਸੀਕੋ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਦੀਪ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਪਿੰਡ ਸਮਗੌਲੀ ਦੇ ਰੂਪ ਵਿਚ ਹੋਈ ਸੀ। ਮ੍ਰਿਤਕ ਹਰਦੀਪ ਸਿੰਘ ਪਹਿਲਾਂ ਆਪਣੇ ਭਰਾ ਨਾਲ ਮਿਲ ਕੇ ਮੈਡੀਕਲ ਸਟੋਰ ਚਲਾਉਂਦਾ ਸੀ।
ਮ੍ਰਿਤਕ ਦੇ ਭਰਾ ਮਲਕੀਤ ਸਿੰਘ ਮੁਤਾਬਕ ਉਸਦਾ ਭਰਾ ਹਰਦੀਪ ਸਿੰਘ ਜੁਲਾਈ 2024 ਵਿਚ ਪਿੰਡ ਸਮਗੌਲੀ ਤੋਂ ਅਮਰੀਕਾ ਲਈ ਗਿਆ ਸੀ। ਏਜੰਟਾਂ ਨੇ ਉਸ ਨੂੰ ਡੰਕੀ ਰੂਟ ਰਾਹੀਂ ਪਹਿਲਾਂ 33 ਲੱਖ ਰੁਪਏ ਲੈਕੇ ਅਮਰੀਕਾ ਲੈਕੇ ਜਾਣ ਦਾ ਵਾਅਦਾ ਕੀਤਾ ਸੀ। ਦੱਸਣਯੋਗ ਹੈ ਕਿ ਮੈਕਸੀਕੋ ਪਹੁੰਚਣ ਤੋਂ ਬਾਅਦ ਏਜੰਟਾਂ ਨੇ ਉਸ ਨੂੰ ਇਕ ਕਮਰੇ ਵਿਚ ਭੁੱਖਾ ਅਤੇ ਪਿਆਸਾ ਰੱਖਿਆ।
ਏਜੰਟਾਂ ਨੇ ਉਸ ਦੇ ਮ੍ਰਿਤਕ ਭਰਾ ਹਰਦੀਪ ਸਿੰਘ ਨੂੰ ਕੋਈ ਪੈਸਾ ਨਹੀਂ ਭੇਜਿਆ, ਇਸ ਲਈ ਪਰਿਵਾਰ ਨੂੰ ਹੋਰ ਚਾਰ ਲੱਖ ਰੁਪਏ ਭੇਜਣੇ ਪਏ। ਉਹ ਇਕ ਸਾਲ ਤੱਕ ਮੈਕਸੀਕੋ ਵਿਚ ਫਸਿਆ ਰਿਹਾ, ਜਿੱਥੇ ਹਰਦੀਪ ਦੀ ਮੌਤ ਹੋ ਗਈ ਸੀ। ਮ੍ਰਿਤਕ ਦੇ ਭਰਾ ਮਲਕੀਤ ਦੇ ਬਿਆਨ ’ਤੇ ਮੁਲਜ਼ਮ ਨਿਤਿਨ ਸੈਣੀ ਵਾਸੀ ਬਰਨਾਲਾ ਅਤੇ ਸੁਖਵਿੰਦਰ ਸਿੰਘ ਸੈਣੀ ਵਾਸੀ ਪਿੰਡ ਭਾਂਖਰਪੁਰ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ, ਜਿਨ੍ਹਾਂ ਵਿਚੋਂ ਨਿਤਿਨ ਸੈਣੀ ਨੂੰ ਅੱਜ ਪੁਲਿਸ ਨੇ ਕਾਬੂ ਕਰ ਲਿਆ ਹੈ।