ਸੰਯੁਕਤ ਕਿਸਾਨ ਮੋਰਚਾ ਤੇ ਟਰੇਡ ਯੂਨੀਅਨਾਂ ਨੇ ਸਾਮਰਾਜ ਵਿਰੋਧੀ ਸ਼ਹੀਦੀ ਦਿਹਾੜਾ ਮਨਾਇਆ
ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਨੇ ਸਾਮਰਾਜ ਵਿਰੋਧੀ ਸ਼ਹੀਦੀ ਦਿਹਾੜਾ ਮਨਾਇਆ,
Publish Date: Mon, 23 Mar 2026 07:23 PM (IST)
Updated Date: Mon, 23 Mar 2026 07:25 PM (IST)

- ਸੜਕੀ ਆਵਾਜਾਈ ਜਾਮ ਕਰਨ ਦਾ ਕੀਤਾ ਐਲਾਨ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਸੰਯੁਕਤ ਕਿਸਾਨ ਮੋਰਚਾ (ਭਾਰਤ) ਅਤੇ ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਸੱਦੇ ’ਤੇ ਸ੍ਰੀ ਸੁਖਮਨੀ ਇੰਟਰਨੈਸ਼ਨਲ ਸਕੂਲ ਡੇਰਾਬੱਸੀ ਦੇ ਮੁੱਖ ਗੇਟ ’ਤੇ ‘ਸਾਮਰਾਜ ਵਿਰੋਧੀ ਸ਼ਹੀਦੀ ਦਿਹਾੜਾ’ ਮਨਾਇਆ ਗਿਆ। ਇਸ ਮੌਕੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਜਥੇਬੰਦੀਆਂ ਨੇ ਕਿਰਤੀਆਂ ਅਤੇ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਵਿਨੋਦ ਚੁੱਘ ਉਪ ਪ੍ਰਧਾਨ ਪੰਜਾਬ ਏਟਕ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਇਕ ਅਜਿਹੇ ਆਜ਼ਾਦ ਦੇਸ਼ ਦਾ ਸੁਪਨਾ ਦੇਖਿਆ ਸੀ, ਜਿੱਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ। ਉਨ੍ਹਾਂ ਅਫ਼ਸੋਸ ਜਤਾਇਆ ਕਿ ਅੱਜ ਵੀ ਕਿਰਤੀਆਂ ਨੂੰ ਆਪਣੇ ਹੱਕਾਂ ਲਈ ਸੜਕਾਂ ’ਤੇ ਬੈਠਣਾ ਪੈ ਰਿਹਾ ਹੈ। ਉਨ੍ਹਾਂ ਅਹਿਦ ਲਿਆ ਕਿ ਜਿੰਨਾ ਚਿਰ ਸ਼ਹੀਦਾਂ ਦੇ ਸੁਪਨਿਆਂ ਦਾ ਬਰਾਬਰੀ ਵਾਲਾ ਸਮਾਜ ਨਹੀਂ ਸਿਰਜਿਆ ਜਾਂਦਾ, ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਮੈਨੇਜਰ ਖ਼ੁਦਕੁਸ਼ੀ ਮਾਮਲੇ ’ਚ ਸੀਬੀਆਈ ਜਾਂਚ : ਧਰਨੇ ਦੌਰਾਨ ਜਥੇਬੰਦੀਆਂ ਨੇ ਵੇਅਰਹਾਊਸ ਮੈਨੇਜਰ ਡਾ. ਗਗਨਦੀਪ ਸਿੰਘ ਦੀ ਖ਼ੁਦਕੁਸ਼ੀ ਦੇ ਮਾਮਲੇ ’ਤੇ ਡੂੰਘੀ ਚਿੰਤਾ ਪ੍ਰਗਟਾਈ। ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਸਿਆਸੀ ਦਬਾਅ, ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੇ ਇਸ ਮਾਹੌਲ ਨੂੰ ਖ਼ਤਮ ਕਰ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਚੁੱਘ ਨੇ ਦੱਸਿਆ ਕਿ ਸੁਖਮਨੀ ਸਕੂਲ ਪ੍ਰਬੰਧਕਾਂ ਅਤੇ ਕੱਢੇ ਗਏ ਕਰਮਚਾਰੀਆਂ ਵਿਚਕਾਰ 25 ਮਾਰਚ ਨੂੰ ਲੇਬਰ ਇੰਸਪੈਕਟਰ ਡੇਰਾਬੱਸੀ ਦੇ ਦਫ਼ਤਰ ਵਿਖੇ ਅਹਿਮ ਬੈਠਕ ਤੈਅ ਹੋਈ ਹੈ। ਜੇਕਰ ਇਸ ਬੈਠਕ ਵਿਚ 15 ਕਰਮਚਾਰੀਆਂ ਦੀ ਤੁਰੰਤ ਬਹਾਲੀ ਨਾ ਹੋਈ, ਤਾਂ ਜਥੇਬੰਦੀਆਂ ਵੱਲੋਂ ਸਕੂਲ ਦਾ ਮੁੱਖ ਗੇਟ ਪੂਰਨ ਤੌਰ ’ਤੇ ਬੰਦ ਕਰ ਕੇ ਮੁੱਖ ਸੜਕ ’ਤੇ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਗ਼ੈਰ-ਕਾਨੂੰਨੀ ਤਰੀਕੇ ਨਾਲ ਕੱਢੇ 15 ਮੁਲਾਜ਼ਮਾਂ ਨੂੰ ਤੁਰੰਤ ਡਿਊਟੀ ’ਤੇ ਵਾਪਸ ਲਿਆ ਜਾਵੇ। ਕੇਂਦਰ ਵੱਲੋਂ ਲਿਆਂਦੇ ਮਾਰੂ ‘ਬੀਜ ਬਿੱਲ’, ‘ਬਿਜਲੀ ਬਿੱਲ’, ਕਿਸਾਨ ਵਿਰੋਧੀ ਨੀਤੀਆਂ ਅਤੇ ਚਾਰ ਲੇਬਰ ਕੋਡ ਤੁਰੰਤ ਰੱਦ ਕੀਤੇ ਜਾਣ। ਚੰਡੀਗੜ੍ਹ ਵਿਖੇ ਅਧਿਆਪਕਾਂ ਅਤੇ ਮੁਲਾਜ਼ਮਾਂ ’ਤੇ ਹੋਏ ਵਹਿਸ਼ੀਆਨਾ ਲਾਠੀਚਾਰਜ ਦੀ ਸਖ਼ਤ ਨਿਖੇਧੀ ਵੀ ਕੀਤੀ। ਇਸ ਮੌਕੇ ਜਗਤਾਰ ਸਿੰਘ ਬਟੌਲੀ ਪੀਆਰਟੀਸੀ ਯੂਨੀਅਨ, ਕਰਮ ਸਿੰਘ ਬਰੌਲੀ ਪ੍ਰਧਾਨ ਬੀਕੇਯੂ ਲੱਖੋਵਾਲ, ਮਨਪ੍ਰੀਤ ਸਿੰਘ ਅਮਲਾਲਾ, ਰਣਜੀਤ ਸਿੰਘ ਭਗਵਾਸ ਬੀਕੇਯੂ ਲੱਖੋਵਾਲ, ਸੁਰਿੰਦਰ ਸਿੰਘ ਜੜੋਤ ਕੁੱਲ ਹਿੰਦ ਕਿਸਾਨ ਸਭਾ, ਕਾਮਰੇਡ ਜਸਪਾਲ ਸਿੰਘ ਦੱਪਰ, ਜਗਤਾਰ ਸਿੰਘ ਜਰਮਨੀ, ਮਹਿੰਦਰ ਸਿੰਘ ਐੱਸਪੀਯੂ, ਸਿੰਦਰ ਸਿੰਘ ਜੰਗਲਾਤ ਯੂਨੀਅਨ, ਕਮਲਜੀਤ ਸਿੰਘ, ਬਲਜੀਤ ਸਿੰਘ ਅਤੇ ਸਰਵਣ ਕੁਮਾਰ ਸਿੱਖਿਆ ਸੰਸਥਾਨ ਵਰਕਰ ਯੂਨੀਅਨ ਏਟਕ ਸਮੇਤ ਵੱਡੀ ਗਿਣਤੀ ਵਿਚ ਵਰਕਰ ਆਦਿ ਹਾਜ਼ਰ ਸਨ।