ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਦਾ ਸਮਾਂ ਬਦਲਿਆ
ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਦਾ ਸਮਾਂ ਬਦਲਿਆ,
Publish Date: Wed, 15 Apr 2026 06:50 PM (IST)
Updated Date: Wed, 15 Apr 2026 06:54 PM (IST)

ਹੁਣ ਸਵੇਰੇ 8 ਵਜੇ ਖੁੱਲ੍ਹਣਗੇ ਸਾਰੇ ਹਸਪਤਾਲ, ਅੱਧਾ ਘੰਟਾ ਪਹਿਲਾਂ ਖੁੱਲ੍ਹਣਗੇ ਰਜਿਸਟਰੇਸ਼ਨ ਕਾਊਂਟਰ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਚ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਫੇਜ਼-6 ਸਮੇਤ ਸਮੂਹ ਸਰਕਾਰੀ ਸਿਹਤ ਸੰਸਥਾਵਾਂ ਦੇ ਸਵੇਰੇ ਖੁੱਲ੍ਹਣ ਅਤੇ ਦੁਪਹਿਰ ਸਮੇਂ ਬੰਦ ਹੋਣ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ। ਮੁਹਾਲੀ ਦੇ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਹੁਣ ਸਵੇਰੇ 8 ਵਜੇ ਖੁੱਲ੍ਹਣਗੀਆਂ ਅਤੇ ਦੁਪਹਿਰ 2 ਵਜੇ ਬੰਦ ਹੋਣਗੀਆਂ। ਇਨ੍ਹਾਂ ਸੰਸਥਾਵਾਂ ਵਿਚ ਜ਼ਿਲ੍ਹਾ ਹਸਪਤਾਲ ਮੁਹਾਲੀ, ਸਬ-ਡਿਵੀਜ਼ਨਲ ਹਸਪਤਾਲ ਖਰੜ ਤੇ ਡੇਰਾਬੱਸੀ, ਸਾਰੇ ਪ੍ਰਾਇਮਰੀ ਹੈਲਥ ਸੈਂਟਰ, ਕਮਿਊਨਿਟੀ ਹੈਲਥ ਸੈਂਟਰ, ਆਯੁਸ਼ਮਾਨ ਹੈਲਥ ਐਂਡ ਵੈੱਲਨੈਸ ਸੈਂਟਰ-ਸਬ-ਸੈਂਟਰ, ਆਮ ਆਦਮੀ ਕਲੀਨਿਕ, ਈਐੱਸਆਈ ਹਸਪਤਾਲ ਆਦਿ ਸ਼ਾਮਲ ਹਨ। ਇਹ ਤਾਜ਼ਾ ਹੁਕਮ 16 ਅਪ੍ਰੈਲ (ਵੀਰਵਾਰ) ਤੋਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਇਸ ਤੋਂ ਪਹਿਲਾਂ ਹਸਪਤਾਲ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਅਤੇ ਬੰਦ ਹੋਣ ਦਾ ਸਮਾਂ ਬਾਅਦ ਦੁਪਹਿਰ ਤਿੰਨ ਵਜੇ ਤੱਕ ਸੀ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਹਸਪਤਾਲ ਫੇਜ਼-6 ਦਾ ਕੰਮਕਾਜੀ ਸਮਾਂ ਪਹਿਲਾਂ ਹੀ ਬਦਲ ਕੇ ਸਵੇਰੇ 8 ਵਜੇ ਤੋਂ ਦੁਪਹਿਰ 2.30 ਵਜੇ ਕਰ ਦਿੱਤਾ ਗਿਆ ਸੀ, ਜੋ ਪਹਿਲੀ ਅਪ੍ਰੈਲ ਤੋਂ ਲਾਗੂ ਹੈ। ਸਿਵਲ ਸਰਜਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਹਸਪਤਾਲਾਂ ਵਿਚਲੇ ਰਜਿਸਟਰੇਸ਼ਨ ਕਾਊਂਟਰ ਹਸਪਤਾਲ ਖੁੱਲ੍ਹਣ ਦੇ ਨਿਯਤ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਖੁੱਲ੍ਹਣਗੇ ਤਾਂ ਜੋ ਪਰਚੀ ਬਣਾਉਣ ਸਮੇਂ ਮਰੀਜ਼ਾਂ ਦੀਆਂ ਲੰਮੀਆਂ ਕਤਾਰਾਂ ਨਾ ਲੱਗ ਸਕਣ ਅਤੇ ਮਰੀਜ਼ ਆਪਣੀ ਜਾਂਚ ਤੇ ਇਲਾਜ ਦਾ ਕੰਮ ਆਰਾਮ ਨਾਲ ਸਮੇਂ ਸਿਰ ਕਰਵਾ ਸਕਣ। ਉਂਜ ਸਰਕਾਰੀ ਹਸਪਤਾਲਾਂ ਵਿਚ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਹੀ 24 ਘੰਟੇ ਜਾਰੀ ਰਹਿਣਗੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿਵਲ ਸਰਜਨ ਦਫ਼ਤਰ ਮੁਹਾਲੀ ਅਤੇ ਹਸਪਤਾਲਾਂ ਅੰਦਰਲੇ ਦਫ਼ਤਰਾਂ ਦੇ ਕੰਮ ਦਾ ਸਮਾਂ ਪਹਿਲਾਂ ਵਾਂਗ ਹੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰਹੇਗਾ, ਜਿਸ ਵਿਚ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲਾਂ ਦਾ ਗਰਮੀਆਂ ਦਾ ਸਮਾਂ (16 ਅਪ੍ਰੈਲ ਤੋਂ 15 ਅਕਤੂਬਰ) ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਹੁੰਦਾ ਹੈ, ਜਦਕਿ ਸਰਦੀਆਂ ਦਾ ਸਮਾਂ (16 ਅਕਤੂਬਰ ਤੋਂ 15 ਅਪ੍ਰੈਲ) ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਹੁੰਦਾ ਹੈ।