ਸ਼ਹੀਦਾਂ ਦੀ ਸੋਚ ਸਦੀਵੀਂ ਜ਼ਿੰਦਾ ਰਹੇਗੀ, ਵਿਧਾਇਕ ਰੰਧਾਵਾ ਵੱਲੋਂ ਨੂੰ ਸ਼ਰਧਾਂਜਲੀਆਂ ਭੇਟ
ਸ਼ਹੀਦਾਂ ਦੀ ਸੋਚ ਸਦੀਵੀਂ ਜ਼ਿੰਦਾ ਰਹੇਗੀ, ਵਿਧਾਇਕ ਰੰਧਾਵਾ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਨਿਮਰ ਸ਼ਰਧਾਂਜਲੀ
Publish Date: Mon, 23 Mar 2026 05:44 PM (IST)
Updated Date: Mon, 23 Mar 2026 05:46 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ
ਡੇਰਾਬੱਸੀ : ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਮੁਬਾਰਕਪੁਰ ਵਿਖੇ ਸਥਿਤ ਇਤਿਹਾਸਕ ਬੈਰਕ ‘ਇਨਕਲਾਬ ਜ਼ਿੰਦਾਬਾਦ’ ਦੇ ਗੂੰਜਦਿਆਂ ਨਾਅਰਿਆਂ ਨਾਲ ਮਾਹੌਲ ਦੇਸ਼ਭਗਤੀ ਦੇ ਰੰਗ ਵਿਚ ਰੰਗਿਆ ਹੋਇਆ ਨਜ਼ਰ ਆਇਆ। ਇਸ ਪਵਿੱਤਰ ਥਾਂ ’ਤੇ ਸ਼ਹੀਦ ਭਗਤ ਸਿੰਘ ਵੱਲੋਂ ਬਿਤਾਏ ਗਏ ਇਤਿਹਾਸਕ ਪਲਾਂ ਨੂੰ ਯਾਦ ਕਰਦਿਆਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਬੈਰਕ ਵਿਚ ਸ਼ਹੀਦ ਭਗਤ ਸਿੰਘ ਦੀ ਤਸਵੀਰ ਅੱਗੇ ਫੁੱਲਮਾਲਾ ਅਰਪਿਤ ਕਰਦੇ ਹੋਏ ਅਤੇ ਮੋਮਬੱਤੀਆਂ ਜਲ੍ਹਾ ਕੇ ਉਨ੍ਹਾਂ ਨੂੰ ਨਿਮਰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਦੇ ਨਾਲ ਯੂਥ ਕਲੱਬ ਮੈਂਬਰ, ਡੇਰਾਬੱਸੀ ਦੇ ਕੌਂਸਲਰ, ਸਰਪੰਚ ਸਾਹਿਬਾਨ, ਬਲਾਕ ਪ੍ਰਧਾਨ ਅਤੇ ਵੱਡੀ ਗਿਣਤੀ ਵਿਚ ‘ਆਪ’ ਵਰਕਰ ਵੀ ਮੌਜੂਦ ਸਨ। ਵਿਧਾਇਕ ਰੰਧਾਵਾ ਨੇ ਕਿਹਾ ਕਿ ਅੱਜ ਅਸੀਂ ਸ਼ਹੀਦਾਂ ਦੀਆਂ ਬੇਮਿਸਾਲ ਕੁਰਬਾਨੀਆਂ ਦੀ ਬਦੌਲਤ ਆਜ਼ਾਦ ਹਵਾ ਵਿਚ ਸਾਹ ਲੈ ਰਹੇ ਹਾਂ। ਉਨ੍ਹਾਂ ਕਿਹਾ ਕਿ ਭਾਵੇਂ ਅੰਗਰੇਜ਼ ਹਕੂਮਤ ਵੱਲੋਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਗਈ ਸੀ, ਪਰ ਉਨ੍ਹਾਂ ਦੀ ਸੋਚ ਅਤੇ ਇਨਕਲਾਬੀ ਜਜ਼ਬਾ ਅੱਜ ਵੀ ਹਰ ਭਾਰਤੀ ਦੇ ਦਿਲ ਵਿਚ ਜ਼ਿੰਦਾ ਹੈ।
ਉਨ੍ਹਾਂ ਕਿਹਾ ਕਿ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਅਸੀਂ ਉਨ੍ਹਾਂ ਦੇ ਸੁਪਨਿਆਂ ਵਾਲੇ ਸਮਾਜ ਦੀ ਉਸਾਰੀ ਲਈ ਇਕਜੁਟ ਹੋ ਕੇ ਕੰਮ ਕਰੀਏ। ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਭਗਤ ਸਿੰਘ ਦੀ ਸੋਚ ਨੌਜਵਾਨੀ ਨੂੰ ਜਾਗਰੂਕ, ਨਿਡਰ ਅਤੇ ਦੇਸ਼-ਪ੍ਰੇਮੀ ਬਣਾਉਣ ਦੀ ਸੀ, ਪਰ ਅੱਜ ਸਮਾਜ ਵਿਚ ਫੈਲ ਰਹੀਆਂ ਨਸ਼ਿਆਂ, ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਅਤੇ ਹੋਰ ਕੁਰੀਤੀਆਂ ਨਾਲ ਲੜਨ ਦੀ ਲੋੜ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼ਹੀਦਾਂ ਦੀ ਸੋਚ ਨੂੰ ਅਪਣਾ ਕੇ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਅੱਗੇ ਆਉਣ ਅਤੇ ਇਕ ਸਾਫ਼-ਸੁਥਰੇ ਅਤੇ ਇਨਸਾਫ਼ਪਸੰਦ ਸਮਾਜ ਦੀ ਨਿਰਮਾਣ ਵਿਚ ਆਪਣਾ ਯੋਗਦਾਨ ਪਾਉਣ।