ਬਲਾਕ ਸੰਮਤੀ ਮਾਜਰੀ ਦੀ ਚੇਅਰਮੈਨੀ ਤੇ ਵਾਈਸ ਚੇਅਰਮੈਨੀ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀ
ਚੇਅਰਮੈਨੀ ਤੇ ਵਾਈਸ ਚੇਅਰਮੈਨੀ ਦੀ ਚੋਣ
Publish Date: Sat, 04 Apr 2026 05:35 PM (IST)
Updated Date: Sat, 04 Apr 2026 05:40 PM (IST)

ਬਿਮਲਾ ਚੌਧਰੀ ਚੇਅਰਪਰਸਨ ਅਤੇ ਜਸਵੀਰ ਕੌਰ ਵਾਈਸ ਚੇਅਰਪਰਸਨ ਬਣੀ, ਹਾਈ ਕੋਰਟ ਵੱਲੋਂ ਨਿਯੁਕਤ ਚੋਣ ਆਬਜ਼ਰਵਰ ਦੀ ਨਿਗਰਾਨੀ ਕਾਰਨ ਸਰਕਾਰੀ ਧੱਕੇਸ਼ਾਹੀ ਨਹੀਂ ਚੱਲੀ, ‘ਆਪ’ ਵਲੰਟੀਅਰ ਮੂੰਹ ਲਮਕਾ ਕੇ ਵਾਪਸ ਪਰਤੇ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਬਲਾਕ ਸੰਮਤੀ ਮਾਜਰੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਸ਼ਨਿਚਰਵਾਰ ਨੂੰ ਮੁਹਾਲੀ ਸਥਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ। ਸਾਬਕਾ ਕੈਬਨਿਟ ਮੰਤਰੀ ਤੇ ਖਰੜ ਦੀ ਵਿਧਾਇਕਾ ਅਨਮੋਲ ਗਗਨ ਮਾਨ ਦੀਆਂ ਬੇਹੱਦ ਕੋਸ਼ਿਸ਼ਾਂ ਦੇ ਬਾਵਜੂਦ ਅਕਾਲੀ ਦਲ ਨੇ ਉਪਰੋਕਤ ਦੋਵੇਂ ਅਹੁਦਿਆਂ ’ਤੇ ਜਿੱਤ ਹਾਸਲ ਕੀਤੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਨਿਯੁਕਤ ਚੋਣ ਆਬਜ਼ਰਵਰ ਦੀ ਨਿਗਰਾਨੀ ਹੇਠ ਹੋਈ ਇਸ ਚੋਣ ਵਿਚ ਮਿਰਜ਼ਾਪੁਰ ਜ਼ੋਨ ਤੋਂ ਅਕਾਲੀ ਦਲ ਦੀ ਬਲਾਕ ਸੰਮਤੀ ਮੈਂਬਰ ਬਿਮਲਾ ਚੌਧਰੀ ਨੂੰ ਚੇਅਰਪਰਸਨ ਅਤੇ ਜਸਵੀਰ ਕੌਰ ਦੁਸਾਰਨਾ ਜ਼ੋਨ ਨੂੰ ਵਾਈਸ ਚੇਅਰਪਰਸਨ ਚੁਣਿਆ ਗਿਆ। ਇਸ ਮੌਕੇ ਸਾਬਕਾ ਅਕਾਲੀ ਵਿਧਾਇਕ ਐੱਨਕੇ ਸ਼ਰਮਾ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਪਾਰਟੀ ਦੇ ਬੁਲਾਰੇ ਸ਼ਮਸ਼ੇਰ ਸਿੰਘ ਪੁਰਖਾਲਵੀ, ਬੀਸੀ ਵਿੰਗ ਜ਼ਿਲ੍ਹਾ ਮੁਹਾਲੀ ਦਿਹਾਤੀ ਦੇ ਪ੍ਰਧਾਨ ਚੌਧਰੀ ਸ਼ਾਮ ਲਾਲ, ਐੱਸਸੀ ਵਿੰਗ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਦਿਲਬਾਗ ਸਿੰਘ, ਖਰੜ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ, ਮਨਦੀਪ ਸਿੰਘ ਸਰਪੰਚ ਖਿਜ਼ਰਾਬਾਦ, ਬਲਵਿੰਦਰ ਸਿੰਘ ਰਕੌਲੀ, ਸੁਖਵਿੰਦਰ ਸਿੰਘ ਛਿੰਦੀ ਸਮੇਤ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ। ਜਾਣਕਾਰੀ ਅਨੁਸਾਰ ਬਲਾਕ ਸੰਮਤੀ ਮਾਜਰੀ ਵਿਚ ਕੁੱਲ 15 ਜ਼ੋਨ ਹਨ। ਜਿਨ੍ਹਾਂ ਵਿਚ ਅਕਾਲੀ ਦਲ ਦੇ ਅੱਠ, ਆਮ ਆਦਮੀ ਪਾਰਟੀ ਦੇ ਪੰਜ, ਕਾਂਗਰਸ ਦੇ ਇਕ ਉਮੀਦਵਾਰ ਨੇ ਚੋਣ ਜਿੱਤੀ ਸੀ, ਜਦੋਂਕਿ ਇਕ ਆਜ਼ਾਦ ਉਮੀਦਵਾਰ ਵੀ ਚੋਣ ਜਿੱਤਿਆ ਸੀ। ਸ਼ੁਰੂ ਤੋਂ ਹੀ ਅਕਾਲੀ ਦਲ ਕੋਲ ਬਹੁਮਤ ਸੀ, ਜਿਸ ਕਾਰਨ ਬਲਾਕ ਮਾਜਰੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਲਗਾਤਾਰ ਲੇਟ ਹੁੰਦੀ ਜਾ ਰਹੀ ਸੀ ਪ੍ਰੰਤੂ ਹੁਣ ਚੋਣ ਦਾ ਸਮਾਂ ਨਿਰਧਾਰਤ ਹੋਣ ਅਤੇ ਨੇੜੇ ਆਉਣ ਕਾਰਨ ਪਿਛਲੇ ਦਿਨੀਂ ਤਿਊੜ ਜ਼ੋਨ ਤੋਂ ਅਕਾਲੀ ਦਲ ਦੇ ਇਕ ਉਮੀਦਵਾਰ ਜਗਤ ਸਿੰਘ ਜੱਗਾ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰ ਲਿਆ ਗਿਆ ਅਤੇ ਬੀਤੇ ਦਿਨ ਅਕਾਲੀ ਦਲ ਦੀ ਉਮੀਦਵਾਰ ਗੁਰਦੀਪ ਕੌਰ ਵੀ ‘ਆਪ’ ਵਿਚ ਸ਼ਾਮਲ ਹੋ ਗਈ। ਇਸ ਤਰ੍ਹਾਂ ਕਾਂਗਰਸ ਦਾ ਸਿਰਫ਼ ਇਕ ਮੈਂਬਰ ਅਤੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਕੋਲ 7-7 ਮੈਂਬਰ ਹੋ ਗਏ। ਚੋਣ ਮੌਕੇ ਕਾਂਗਰਸ ਦਾ ਇਕੋ-ਇਕ ਮੈਂਬਰ ਗ਼ੈਰਹਾਜ਼ਰ ਰਿਹਾ, ਜਦੋਂਕਿ ਆਮ ਆਦਮੀ ਪਾਰਟੀ ਦੇ ਇਕ ਮੈਂਬਰ ਨੇ ਆਪਣੀ ਕਰਾਸ ਵੋਟ ਪਾ ਦਿੱਤੀ। ਇੰਜ ਸਰਕਾਰ ਨੂੰ ਜ਼ਬਰਦਸਤ ਝਟਕਾ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬਿਮਲਾ ਚੌਧਰੀ ਚੇਅਰਪਰਸਨ ਅਤੇ ਅਕਾਲੀ ਦਲ ਹੀ ਉਮੀਦਵਾਰ ਜਸਵੀਰ ਕੌਰ ਵਾਈਸ ਚੇਅਰਪਰਸਨ ਚੁਣੀ ਗਈ। ਹਾਲਾਂਕਿ ਸਾਬਕਾ ਮੰਤਰੀ ਅਨਮੋਲ ਗਗਨ ਮਾਨ ਆਪਣੀ ਵਿਧਾਇਕ ਵਜੋਂ ਇਕ ਵੋਟ ਦਾ ਹਵਾਲਾ ਦਿੰਦੇ ਹੋਏ ‘ਆਪ’ ਦੇ ਮੈਂਬਰਾਂ ਦੀ ਗਿਣਤੀ ਵਧਾਉਣਾ ਚਾਹੁੰਦੀ ਸੀ ਪ੍ਰੰਤੂ ਹਾਈ ਕੋਰਟ ਵੱਲੋਂ ਚੋਣ ਆਬਜ਼ਰਵਰ ਦੀ ਨਿਯੁਕਤੀ ਕੀਤੇ ਜਾਣ ਕਾਰਨ ਸਰਕਾਰੀ ਧੱਕੇਸ਼ਾਹੀ ਨਹੀਂ ਹੋ ਸਕੀ। ‘‘‘‘‘‘‘‘‘‘‘‘‘‘‘ ਡੱਬੀ.. ਨਿਰਾਸ਼ ਘਰਾਂ ਨੂੰ ਪਰਤੇ ਆਪ ਦੇ ਵਲੰਟੀਅਰ : ਸ਼ਰਮਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਐੱਨਕੇ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਸਮੇਂ ਸਰਕਾਰ ਵੱਲੋਂ ਧੱਕੇਸ਼ਾਹੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਹਾਈ ਕੋਰਟ ਵੱਲੋਂ ਨਿਯੁਕਤ ਆਬਜ਼ਰਵਰ ਕਾਰਨ ਹੁਕਮਰਾਨ ਪਾਰਟੀ ਦੀ ਕੋਈ ਵਾਹ ਨਹੀਂ ਚੱਲੀ। ਅਕਾਲੀ ਆਗੂ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਿ ‘ਆਪ’ ਪਾਰਟੀ ਨੇ ਇਹ ਚੋਣ ਜਿੱਤਣ ਲਈ ਹਰ ਹਰਬਾ ਵਰਤਿਆ ਪ੍ਰੰਤੂ ਮਾਨਯੋਗ ਅਦਾਲਤ ਅਤੇ ਮੈਂਬਰਾਂ ਦੀ ਜਾਗਰੂਕਤਾ ਕਾਰਨ ਸਰਕਾਰ ਧੱਕਾ ਨਹੀਂ ਕਰ ਸਕੀ। ਚੋਣ ਪ੍ਰਕਿਰਿਆ ਮੁਕੰਮਲ ਹੁੰਦੇ ਹੀ ਅਕਾਲੀ ਦਲ ਦੇ ਵਰਕਰਾਂ ਨੇ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ ਅਤੇ ਖੁਸ਼ੀ ਵਿਚ ਲੱਡੂ ਵੰਡੇ ਜਦੋਕਿ ‘ਆਪ’ ਵਲੰਟੀਅਰਾਂ ਨੂੰ ਨਿਰਾਸ਼ ਘਰਾਂ ਨੂੰ ਪਰਤਣਾ ਪਿਆ।