ਮੁਬਾਰਕਪੁਰ-ਪੰਡਵਾਲਾ ਚੌਕ 'ਤੇ ਸੜਕ ਦੀ ਹਾਲਤ ਖ਼ਸਤਾ
ਮੁਬਾਰਕਪੁਰ-ਪੰਡਵਾਲਾ ਚੌਕ 'ਤੇ ਸੜਕ ਦੀ ਹਾਲਤ ਖ਼ਸਤਾ, ਪ੍ਰਸ਼ਾਸਨਿਕ ਅਣਗਹਿਲੀ ਕਾਰਨ ਲੋਕ ਪਰੇਸ਼ਾਨ
Publish Date: Wed, 04 Feb 2026 06:10 PM (IST)
Updated Date: Wed, 04 Feb 2026 06:14 PM (IST)

ਪ੍ਰਸ਼ਾਸਨਿਕ ਅਣਗਹਿਲੀ ਕਾਰਨ ਲੋਕ ਪਰੇਸ਼ਾਨ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਮੁਬਾਰਕਪੁਰ-ਪੰਡਵਾਲਾ ਚੌਕ ਤੇ ਸੜਕ ਦੀ ਬਦਹਾਲੀ ਨੇ ਸਥਾਨਕ ਨਿਵਾਸੀਆਂ ਅਤੇ ਵਾਹਨ ਚਾਲਕਾਂ ਦਾ ਜਿਉਣਾ ਮੁਹਾਲ ਕਰ ਦਿੱਤਾ ਹੈ। ਲੰਬੇ ਸਮੇਂ ਤੋਂ ਮੁਰੰਮਤ ਦੀ ਉਡੀਕ ਕਰ ਰਹੀ ਇਹ ਸੜਕ ਹੁਣ ਹਾਦਸਿਆਂ ਦਾ ਅੱਡਾ ਬਣ ਚੁੱਕੀ ਹੈ, ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਦਿਖਾਈ ਦੇ ਰਿਹਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਸੜਕ ਦੇ ਵਿਚਕਾਰ ਪਏ ਵੱਡੇ-ਵੱਡੇ ਟੋਏ ਕਿਸੇ ਜਾਨਲੇਵਾ ਟੋਏ ਤੋਂ ਘੱਟ ਨਹੀਂ ਹਨ। ਮੀਂਹ ਦੇ ਦਿਨਾਂ ’ਚ ਇਹ ਟੋਏ ਪਾਣੀ ਨਾਲ ਭਰ ਜਾਂਦੇ ਹਨ, ਜਿਸ ਕਾਰਨ ਵਾਹਨ ਚਾਲਕਾਂ ਨੂੰ ਇਨ੍ਹਾਂ ਦੀ ਡੂੰਘਾਈ ਦਾ ਅੰਦਾਜ਼ਾ ਨਹੀਂ ਲੱਗਦਾ। ਚੌਕ ਤੇ ਸੜਕ ਦੀ ਮਾੜੀ ਹਾਲਤ ਕਾਰਨ ਆਏ ਦਿਨ ਦੁਪਹੀਆ ਵਾਹਨ ਚਾਲਕ ਸਲਿੱਪ ਹੋ ਕੇ ਸੱਟਾਂ ਖਾ ਰਹੇ ਹਨ। ਖ਼ਾਸ ਕਰਕੇ ਰਾਤ ਦੇ ਸਮੇਂ ਇੱਥੇ ਸਫ਼ਰ ਕਰਨਾ ਖ਼ਤਰੇ ਤੋਂ ਖਾਲੀ ਨਹੀਂ ਹੈ। ਖ਼ਸਤਾ ਹਾਲ ਸੜਕ ਕਾਰਨ ਵਾਹਨਾਂ ਦੀ ਰਫ਼ਤਾਰ ਹੌਲੀ ਹੋ ਜਾਂਦੀ ਹੈ, ਜਿਸ ਕਾਰਨ ਚੌਕ ਤੇ ਲੰਬਾ ਜਾਮ ਲੱਗਣਾ ਹੁਣ ਆਮ ਗੱਲ ਹੋ ਗਈ ਹੈ। ਇਲਾਕਾ ਨਿਵਾਸੀਆਂ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਸਬੰਧਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਬਾਰੇ ਜਾਣੂ ਕਰਵਾ ਚੁੱਕੇ ਹਨ, ਪਰ ਅਜੇ ਤੱਕ ਸਿਰਫ਼ ਲਾਰੇ ਹੀ ਮਿਲੇ ਹਨ। ਸਥਾਨਕ ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਸੜਕ ਦੀ ਹਾਲਤ ਨਾ ਸੁਧਾਰੀ ਗਈ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਇਕ ਸਾਥਨਕ ਰਾਹਗੀਰ ਨੇ ਕਿਹਾ ਕਿ ਲੱਗਦਾ ਹੈ ਕਿ ਸ਼ਾਇਦ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ। ਰੋਜ਼ਾਨਾ ਲੋਕ ਇੱਥੇ ਡਿੱਗਦੇ ਹਨ, ਪਰ ਕਿਸੇ ਨੂੰ ਕੋਈ ਫ਼ਰਕ ਨਹੀਂ ਪੈ ਰਿਹਾ।