ਨਗਰ ਨਿਗਮ ਦੀ ਬੈਠਕ ਰਹੀ ਰੋਲੇ-ਰੱਪੇ ਵਾਲੀ
ਨਗਰ ਨਿਗਮ ਦੀ ਬੈਠਕ ਰਹੀ ਰੋਲੇ ਰੱਪੇ ਵਾਲੀ
Publish Date: Mon, 09 Feb 2026 08:44 PM (IST)
Updated Date: Mon, 09 Feb 2026 08:47 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਸੋਮਵਾਰ ਨੂੰ ਮੁਹਾਲੀ ਨਗਰ ਨਿਗਮ ਦੀ ਹਾਊਸ ਬੈਠਕ ’ਚ ਕਾਫ਼ੀ ਰੌਲਾ-ਰੱਪਾ ਪਿਆ। ਬੈਠਕ ’ਚ ਮੁਹਾਲੀ ਸ਼ਹਿਰ ’ਚ ਸਫ਼ਾਈ, ਸਟਰੀਟ ਲਾਈਟਾਂ ਅਤੇ ਸੜਕਾਂ ਦੀ ਮੁਰੰਮਤ ਸਬੰਧੀ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਗਈਆਂ, ਉੱਥੇ ਹੀ ਜਗਤਪੁਰਾ ਕਾਲੋਨੀ ਨੂੰ ਨਗਰ ਨਿਗਮ ਵਿਚ ਸ਼ਾਮਲ ਕਰਨ ਲਈ ਟੇਬਲ ਆਈਟਮ ਰਾਹੀਂ ਪ੍ਰਸਤਾਵ ਪਾਸ ਕੀਤਾ ਗਿਆ। ਮੁਹਾਲੀ ਨਗਰ ਨਿਗਮ ਦੇ ਹਾਊਸ ਦੀ ਬੈਠਕ ਸੋਮਵਾਰ ਨੂੰ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਵਿਚ ਮੁਹਾਲੀ ਸ਼ਹਿਰ ਵਿਚ ਸਫ਼ਾਈ, ਸਟਰੀਟ ਲਾਈਟਾਂ ਅਤੇ ਸੜਕਾਂ ਦੀ ਮੁਰੰਮਤ ਲਈ ਹੁਣ ਜ਼ਿੰਮੇਵਾਰੀਆਂ ਤੈਅ ਕੀਤੀਆਂ ਗਈਆਂ ਹਨ। ਜੇਕਰ ਪ੍ਰਸਤਾਵ ਪਾਸ ਹੋ ਜਾਂਦਾ ਹੈ ਤਾਂ ਜਿੱਥੇ ਕਿਤੇ ਵੀ ਗੰਦਗੀ, ਕੂੜਾ ਇਕੱਠਾ ਨਾ ਹੋਣ, ਸਟਰੀਟ ਲਾਈਟਾਂ ਖ਼ਰਾਬ ਹੋਣ ਜਾਂ ਸੜਕਾਂ ਟੁੱਟਣ ਦੀਆਂ ਸ਼ਿਕਾਇਤਾਂ ਮਿਲਦੀਆਂ ਹਨ ਤਾਂ ਉਸ ਲਈ ਸਬੰਧਿਤ ਅਧਿਕਾਰੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ। ਹੁਣ ਮੁਹਾਲੀ ਨੂੰ ਰੇਬੀਜ਼ ਮੁਕਤ ਬਣਾਉਣ ਲਈ ਜ਼ਮੀਨੀ ਪੱਧਰ ’ਤੇ ਕੰਮ ਸ਼ੁਰੂ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਨਿਗਮ ਦੀ ਸੈਨੀਟੇਸ਼ਨ ਸ਼ਾਖਾ ਨੇ ਇੰਡੀਅਨ ਆਇਲ ਕਾਰਪੋਰੇਸ਼ਨ ਤੋਂ ਸੀਐੱਸਆਰ ਮਦਦ ਲੈਣ ਦਾ ਪ੍ਰਸਤਾਵ ਲਿਆਂਦਾ ਹੈ। ਯੋਜਨਾ ਇਹ ਹੈ ਕਿ ਰੇਬੀਜ਼ ਮੁਕਤ ਪੰਜਾਬ ਦੇ ਪਾਇਲਟ ਪ੍ਰਾਜੈਕਟ ਵਜੋਂ ਸਭ ਤੋਂ ਪਹਿਲਾਂ ਮੁਹਾਲੀ ਵਿਚ ਵੱਡੇ ਪੱਧਰ ’ਤੇ ਕੁੱਤਿਆਂ ਦਾ ਟੀਕਾਕਰਨ ਕੀਤਾ ਜਾਵੇਗਾ। ਇਹ ਪੂਰਾ ਪ੍ਰਾਜੈਕਟ ਪੇਡੂਜ਼ ਪੋਪਲ ਵੈੱਲਫੇਅਰ ਸੁਸਾਇਟੀ ਨਾਮਕ ਇਕ ਐੱਨਜੀਓ ਰਾਹੀਂ ਚਲਾਇਆ ਜਾਵੇਗਾ। ਟੀਕਾਕਰਨ ਨਾਲ ਆਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਦੀ ਸਮੱਸਿਆ ਹੱਲ ਹੋ ਜਾਵੇਗੀ। ਮੇਅਰ ਅਮਰਜੀਤ ਜੀਤੀ ਸਿੱਧੂ ਨੇ ਦੱਸਿਆ ਕਿ ਸੈਕਟਰ 79 ਵਿਚ ਵਾਟਰ ਟੈਸਟਿੰਗ ਲੈਬ ਬਣਾਈ ਜਾਵੇਗੀ, ਜਿੱਥੇ ਪਾਣੀ ਦੀ ਟੈਸਟਿੰਗ ਤੋਂ ਬਾਅਦ ਸਾਫ਼ ਅਤੇ ਸ਼ੁੱਧ ਪਾਣੀ ਲੋਕਾਂ ਤੱਕ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਜਗਤਪੁਰਾ ਕਾਲੋਨੀ ਦੇ ਲੋਕ ਨਾ ਤਾਂ ਪਿੰਡ ਵਿਚ ਆਉਂਦੇ ਹਨ ਅਤੇ ਨਾ ਹੀ ਨਗਰ ਨਿਗਮ ਅਧੀਨ ਆਉਂਦੇ ਹਨ, ਜਿਸ ਕਾਰਨ ਕਾਲੋਨੀ ਵਿਚ ਰਹਿਣ ਵਾਲੇ ਲੋਕਾਂ ਨੂੰ ਦਸਤਾਵੇਜ਼ਾਂ ਦੀ ਤਸਦੀਕ ਕਰਵਾਉਣ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਕਾਲੋਨੀ ਨੂੰ ਨਗਰ ਨਿਗਮ ਅਧੀਨ ਲਿਆਉਣ ਲਈ ਪ੍ਰਸਤਾਵ ਪਾਸ ਕੀਤਾ ਗਿਆ ਸੀ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਹੁਣ ਮੁਹਾਲੀ ਨਗਰ ਨਿਗਮ ਦਾ ਦਾਇਰਾ ਬਹੁਤ ਵਧ ਗਿਆ ਹੈ, ਇਸ ਲਈ ਹੁਣ ਹੋਰ 450 ਸਫ਼ਾਈ ਕਰਮਚਾਰੀ ਅਤੇ 50 ਟਰਾਲੀਆਂ ਦੀ ਲੋੜ ਹੈ।