- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਰਡਬੰਦੀ ਦਾ ਕਮਾਲ : ਇਕ ਪਰਿਵਾਰ ਦੀਆਂ ਵੋਟਾਂ 5 ਵਾਰਡਾਂ 'ਚ ਪਾਈਆਂ,

- ਮ੍ਰਿਤਕ ਦੀ ਵੋਟ ਕੱਟਣ ਦੀ ਬਜਾਏ ਵੋਟ ਨੂੰ ਅੱਠ ਕਿਲੋਮੀਟਰ ਦੂਰ ਕੀਤਾ ਤਬਦੀਲ
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ
ਲਾਲੜੂ : ਨਗਰ ਕੌਂਸਲ ਲਾਲੜੂ ਦੀਆਂ ਚੋਣਾਂ ਲਈ ਪ੍ਰਕਾਸ਼ਿਤ ਸੂਚੀਆਂ ਵਿਚ ਗੰਭੀਰ ਉਣਤਾਈਆਂ ਦਾ ਮਾਮਲਾ ਸਾਹਮਣੇ ਆਇਆ ਹੈ। ਕਈ ਵਾਰਡਾਂ ਦੇ ਵੋਟਰਾਂ ਨੂੰ 8-8 ਕਿਲੋਮੀਟਰ ਦੂਰ ਪੈਂਦੇ ਵਾਰਡਾਂ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ ਅਤੇ ਹੁਣ ਉਹ ਵੋਟਰ ਆਪਣੇ ਜੱਦੀ ਵਾਰਡ ਵਿਚ ਆਉਣ ਲਈ ਸੰਭਾਵੀ ਉਮੀਦਵਾਰਾਂ ਦੀਆਂ ਮਿੰਨਤਾਂ ਕਰਦੇ ਨਜ਼ਰ ਆ ਰਹੇ ਹਨ, ਪਰ ਫਿਲਹਾਲ ਉਨ੍ਹਾਂ ਦੇ ਪੱਲੇ ਕੁੱਝ ਠੋਸ ਨਹੀਂ ਪੈ ਰਿਹਾ ਹੈ। ਸੂਚੀਆਂ ਵਿਚ ਗੰਭੀਰ ਉਣਤਾਈਆਂ ਦੀ ਰਿਕਾਰਡ ਸਮੇਤ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਲਾਲੜੂ ਦੇ ਜੱਦੀ ਵਸਨੀਕ ਚੰਦਰਪਾਲ ਪੁੱਤਰ ਮੋਲੂ ਰਾਮ ਨੇ ਦੱਸਿਆ ਕਿ ਉਹ ਆਪਣੀ ਮਾਤਾ ਤੇ ਆਪਣੇ ਭਰਾ ਜਗਪਾਲ ਸਿੰਘ ਨਾਲ ਸਾਂਝੇ ਪਰਿਵਾਰ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਦੀ ਜੱਦੀ ਜ਼ਮੀਨ, ਮਕਾਨ ਅਤੇ ਬੈਠਕ ਸਭ ਸਾਂਝੇ ਹਨ ਅਤੇ ਮਕਾਨ-ਬੈਠਕ ਤਾਂ ਇਕੋ ਵਾਰਡ ਵਿਚ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਉਨ੍ਹਾਂ ਦੇ ਪਰਿਵਾਰ ਵਿਚ 7 ਵੋਟਾਂ ਹਨ, ਜਿਸ ਵਿਚੋਂ ਉਨ੍ਹਾਂ ਦੀ ਆਪਣੀ ਵੋਟ, ਉਨ੍ਹਾਂ ਦੀ ਮਾਤਾ ਤੇ ਪਤਨੀ ਦੀ ਵੋਟ ਵਾਰਡ ਨੰ. 12 ਵਿਚ ਲੜੀ ਨੰ. 693, 694 ਤੇ 695 ਵਜੋਂ ਪਾ ਦਿੱਤੀ ਗਈ ਹੈ, ਜਦਕਿ ਉਨ੍ਹਾਂ ਦੇ ਭਰਾ ਜਗਪਾਲ ਸਿੰਘ ਤੇ ਉਨ੍ਹਾਂ ਦੀ ਪਤਨੀ ਸੁਨੀਤਾ ਦੇਵੀ ਦੀ ਵੋਟ ਵਾਰਡ ਨੰ. 13 ਵਿਚ ਲੜੀ ਨੰਬਰ 1696 ਤੇ 1697 ਵਜੋਂ ਦਰਜ ਕੀਤੀ ਗਈ ਹੈ।
ਇਸ ਤੋਂ ਅੱਗੇ ਜਗਪਾਲ ਸਿੰਘ ਦੇ ਪੁੱਤਰ ਸ਼ਕਤੀ ਸਿੰਘ ਦੀ ਵੋਟ ਵਾਰਡ ਨੰ. 14 ਵਿਚ ਲੜੀ ਨੰ. 1184 ਤਹਿਤ ਦਰਜ ਕੀਤੀ ਗਈ ਹੈ, ਜਦਕਿ ਦੂਜੇ ਪੁੱਤਰ ਸਾਗਰ ਅੱਤਰੀਸ਼ ਦੀ ਵੋਟ ਵਾਰਡ ਨੰ. 17 ਵਿਚ ਲੜੀ ਨੰ. 943 ਤਹਿਤ ਪਾ ਦਿੱਤੀ ਗਈ ਹੈ। ਸਭ ਤੋਂ ਵੱਡੀ ਤੇ ਅਹਿਮ ਗੱਲ ਇਹ ਹੈ ਕਿ ਕਰੀਬ 6 ਮਹੀਨੇ ਪਹਿਲਾਂ ਗੁਜ਼ਰ ਚੁੱਕੇ ਚੰਦਰਪਾਲ ਦੇ ਪਿਤਾ ਮ੍ਰਿਤਕ ਮੋਲੂ ਰਾਮ ਦੀ ਵੋਟ ਸੂਚੀ ਵਿਚੋਂ ਕੱਟਣ ਦੀ ਬਜਾਏ ਪੁਰਾਣੇ ਵਾਰਡ ਦੀ ਥਾਂ 8 ਕਿਲੋਮੀਟਰ ਦੂਰ ਵਾਰਡ ਨੰਬਰ-1 ਵਿਚ ਪਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ 25-30 ਗੁਆਂਢੀਆਂ ਦੀਆਂ ਵੋਟਾਂ ਵੀ ਵਾਰਡ ਨੰ. 1 ਵਿਚ ਪਾ ਦਿੱਤੀਆਂ ਗਈਆਂ ਹਨ। ਚੰਦਰਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਕਾਰ ਦਾ ਵੋਟ ਸੂਚੀ ਬਣਾਉਣ ਵਾਲਾ ਫਾਰਮੂਲਾ ਹੀ ਸਮਝ ਨਹੀਂ ਆਇਆ ਅਤੇ ਉਹ ਸਬੰਧਿਤ ਸਥਾਨਕ ਅਫ਼ਸਰਾਂ ਤੇ ਹਲਕਾ ਵਿਧਾਇਕ ਤੋਂ ਮੰਗ ਕਰਦੇ ਹਨ ਕਿ ਉਹ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਖ਼ੁਦ ਦਿਲਚਸਪੀ ਲੈ ਕੇ ਉਨ੍ਹਾਂ ਦੇ ਹੱਲ ਕਰਵਾਉਣ ਤਾਂ ਜੋ ਆਮ ਲੋਕਾਂ ਦਾ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਤੋਂ ਵਿਸ਼ਵਾਸ ਬਣਿਆ ਰਹੇ।
ਸੰਪਰਕ ਕਰਨ ’ਤੇ ਐੱਸਡੀਐੱਮ ਅਮਿਤ ਕੁਮਾਰ ਗੁਪਤਾ ਨੇ ਕਿਹਾ ਕਿ ਮੁੱਢਲੀ ਸੂਚੀ ਵਿਚ ਕੁੱਝ ਗ਼ਲਤੀਆਂ ਰਹਿ ਜਾਂਦੀਆਂ ਹਨ ਤੇ ਇਸੇ ਲਈ ਇਤਰਾਜ਼ ਲਈ ਵੋਟਰਾਂ ਨੂੰ ਸਮਾਂ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵੋਟਰਾਂ ਦੀ ਵੋਟਰ ਸੂਚੀ ਵਿਚ ਉਣਤਾਈਆਂ ਹਨ, ਉਹ 23 ਅਪ੍ਰੈਲ ਤੱਕ ਐੱਸਡੀਐੱਮ ਆਪਣੀ ਸ਼ਿਕਾਇਤ ਜਮ੍ਹਾਂ ਕਰਵਾ ਦੇਣ ਤਾਂ ਜੋ ਵੋਟਰ ਸੂਚੀ ਨੂੰ ਦਰੁਸਤ ਕੀਤਾ ਜਾ ਸਕੇ। ਇਸ ਉਪਰੰਤ ਜਦੋਂ ਉਨ੍ਹਾਂ ਦਾ ਧਿਆਨ ਅਖੀਰ ਤੱਕ ਵੋਟ ਸੂਚੀ ਨਾ ਦੇਖ ਪਾਉਣ ਵਾਲੇ ਸਾਧਾਰਨ ਵੋਟਰਾਂ ਵੱਲ ਦਿਵਾਇਆ ਗਿਆ ਤਾਂ ਉਹ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਪਾਏ।