ਠੰਢ ਦੇ ਪਹਿਲੇ ਮੀਂਹ ਨੇ ਖੋਲ੍ਹੇ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ, ਡੇਰਾਬੱਸੀ-ਬਰਵਾਲਾ ਰੋਡ ਜਲ-ਥਲ
ਸਰਦੀਆਂ ਦੀ ਪਹਿਲੀ ਬਾਰਿਸ਼ ਨੇ ਖੋਲ੍ਹੀ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ,
Publish Date: Fri, 23 Jan 2026 05:31 PM (IST)
Updated Date: Fri, 23 Jan 2026 05:33 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਠੰਢ ਦੇ ਪਹਿਲੇ ਭਾਰੀ ਮੀਂਹ ਨੇ ਜਿੱਥੇ ਤਾਪਮਾਨ ’ਚ ਗਿਰਾਵਟ ਲਿਆਂਦੀ ਹੈ, ਉੱਥੇ ਹੀ ਡੇਰਾਬੱਸੀ ਦੇ ਨਿਵਾਸੀਆਂ ਲਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਖ਼ਾਸ ਕਰਕੇ ਡੇਰਾਬੱਸੀ-ਬਰਵਾਲਾ ਰੋਡ ਅਤੇ ਇਸ ਦੇ ਆਲੇ-ਦੁਆਲੇ ਦੀਆਂ ਰਿਹਾਇਸ਼ੀ ਕਾਲੋਨੀਆਂ ਵਿਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹਾਲਾਤ ਬਦਤਰ ਹੋ ਗਏ ਹਨ। ਨਗਰ ਕੌਂਸਲ ਦੇ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਮੀਂਹ ਦਾ ਪਾਣੀ ਕਈ ਨੀਵੇਂ ਖੇਤਰਾਂ ਅਤੇ ਰਿਹਾਇਸ਼ੀ ਕਾਲੋਨੀਆਂ ਦੇ ਘਰਾਂ ਤੱਕ ਪਹੁੰਚ ਗਿਆ, ਜਿਸ ਨਾਲ ਲੋਕਾਂ ਦਾ ਕੀਮਤੀ ਸਾਮਾਨ ਖ਼ਰਾਬ ਹੋਣ ਦਾ ਖ਼ਦਸ਼ਾ ਬਣ ਗਿਆ ਹੈ। ਇਸ ਦੇ ਨਾਲ ਹੀ ਡੇਰਾਬੱਸੀ-ਬਰਵਾਲਾ ਰੋਡ ਤੇ ਪਾਣੀ ਭਰਨ ਕਾਰਨ ਸੜਕ ਨੇ ਤਲਾਅ ਦਾ ਰੂਪ ਧਾਰ ਲਿਆ। ਦੁਪਹੀਆ ਵਾਹਨ ਚਾਲਕਾਂ ਨੂੰ ਪਾਣੀ ਦੇ ਵਿਚਕਾਰੋਂ ਲੰਘਣ ਵੇਲੇ ਭਾਰੀ ਦਿੱਕਤਾਂ ਆਈਆਂ ਅਤੇ ਕਈ ਵਾਹਨ ਰਸਤੇ ਵਿਚ ਹੀ ਬੰਦ ਹੋ ਗਏ। ਇਸ ਮੀਂਹ ਨੇ ਨਗਰ ਕੌਂਸਲ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਅਤੇ ਡਰੇਨੇਜ਼ ਸਿਸਟਮ ਦੀ ਸਫ਼ਾਈ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਾਮੂਲੀ ਮੀਂਹ ਵਿਚ ਵੀ ਅਜਿਹੇ ਹਾਲਾਤ ਬਣਨਾ ਪ੍ਰਸ਼ਾਸਨਿਕ ਲਾਪਰਵਾਹੀ ਦਾ ਸਬੂਤ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਹਰ ਸਾਲ ਉਨ੍ਹਾਂ ਨੂੰ ਇਸੇ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਨਗਰ ਕੌਂਸਲ ਨੂੰ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਹਨ, ਪਰ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ।