ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਨੇ ਸਮਾਗਮ ਕਰਵਾਇਆ
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸਮਾਗਮ ਦਾ ਆਯੋਜਨ
Publish Date: Mon, 02 Mar 2026 09:38 PM (IST)
Updated Date: Mon, 02 Mar 2026 09:40 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਹੋਲੀ ਦੇ ਪਾਵਨ ਤਿਉਹਾਰ ਦੇ ਮੌਕੇ ’ਤੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਵਿਚ ਮਾਸਿਕ ਸਤਿਸੰਗ ਸਮਾਗਮ ਦਾ ਵਿਸ਼ਾਲ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਸੰਸਥਾਨ ਦੇ ਸੰਸਥਾਪਕ ਅਤੇ ਸੰਚਾਲਕ ਸ਼੍ਰੀ ਆਸ਼ੁਤੋਸ਼ ਮਹਾਰਾਜ ਦੀ ਸ਼ਿਸ਼ਿਆ ਸਾਧਵੀ ਮਨਜੀਤ ਭਾਰਤੀ ਨੇ ਹਾਜ਼ਰ ਸ਼ਰਧਾਲੂਆਂ ਨੂੰ ਹੋਲੀ ਦੇ ਆਧਿਆਤਮਿਕ ਮਹੱਤਵ ਨਾਲ ਜਾਗਰੂਕ ਕਰਵਾਇਆ।ਸਤਿਸੰਗ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਸਾਧਵੀ ਨੇ ਸਮਝਾਇਆ ਕਿ ਅਸਲੀ ਹੋਲੀ ਭਗਤ ਅਤੇ ਭਗਵਾਨ ਦੇ ਦਰਮਿਆਨ ਖੇਡੀ ਜਾਂਦੀ ਹੈ। ਸਤਿਗੁਰੂ ਦੀ ਸਾਂਝ ਵਿਚ ਹੀ ਸ਼ਿਸ਼ ਸੱਚੇ ਅਰਥਾਂ ਵਿਚ ਹੋਲੀ ਖੇਡਦਾ ਹੈ, ਕਿਉਂਕਿ ਸੰਸਾਰ ਦੇ ਰੰਗ ਛਿਨਭੰਗੂਰ ਅਤੇ ਫਿੱਕੇ ਹੁੰਦੇ ਹਨ। ਉਨ੍ਹਾਂ ਉਦਾਹਰਨ ਦੇ ਕੇ ਦੱਸਿਆ ਕਿ ਕੁਸੁੰਭ ਦੇ ਫੁੱਲ ਨੂੰ ਹੱਥ ਵਿਚ ਫੜਨ ਨਾਲ ਹੱਥ ਪੀਲੇ ਹੋ ਜਾਂਦੇ ਹਨ, ਪਰ ਪਾਣੀ ਨਾਲ ਧੋਣ ਨਾਲ ਰੰਗ ਉਤਰ ਜਾਂਦਾ ਹੈ। ਇਸੇ ਤਰ੍ਹਾਂ ਸੰਸਾਰਕ ਆਕਰਸ਼ਣਾਂ ਦਾ ਰੰਗ ਵੀ ਕੱਚਾ ਹੁੰਦਾ ਹੈ। ਇਸਦੇ ਵਿਰੁੱਧ, ਪਰਮਾਤਮਾ ਦੀ ਭਗਤੀ ਦਾ ਰੰਗ ਮਜੀਠ ਵਾਂਗ ਪੱਕਾ ਹੁੰਦਾ ਹੈ, ਜੋ ਇਕ ਵਾਰ ਚੜ੍ਹ ਜਾਵੇ ਤਾਂ ਕਦੇ ਨਹੀਂ ਉਤਰਦਾ। ਭਗਤੀ ਦੇ ਇਸ ਰੰਗ ਵਿਚ ਸਤਿਗੁਰੂ ਰੰਗਰੇਜ਼ ਬਣ ਕੇ ਸ਼ਿਸ਼ ਦੀ ਆਤਮਾ ਨੂੰ ਸਥਾਈ ਤੌਰ ’ਤੇ ਰੰਗ ਦਿੰਦੇ ਹਨ। ਪ੍ਰੋਗਰਾਮ ਦੌਰਾਨ ਸਾਧਵੀ ਮੈਥਿਲੀ ਭਾਰਤੀ, ਸਾਧਵੀ ਮਨਪ੍ਰੀਤ ਭਾਰਤੀ, ਸਾਧਵੀ ਹਿਮਾਕਸ਼ੀ ਭਾਰਤੀ ਅਤੇ ਗੁਰੂ ਭਾਈ ਗੌਰਵ ਵੱਲੋਂ ਗਾਏ ਗਏ ਮਧੁਰ ਭਜਨਾਂ ਨੇ ਸਾਰੇ ਵਾਤਾਵਰਨ ਨੂੰ ਭਗਤੀਮਈ ਬਣਾ ਦਿੱਤਾ। ਸਮਾਗਮ ਦੇ ਅਖੀਰ ਵਿਚ ਹਾਜ਼ਰ ਸਾਰੇ ਭਗਤਜਨਾਂ ਵਿਚ ਪ੍ਰਸਾਦ ਰੂਪੀ ਭੰਡਾਰੇ ਦੀ ਵੰਡ ਕੀਤੀ ਗਈ।