- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ ਦਲ ਦੀ ਜ਼ਿਲ੍ਹਾ ਜਥੇਬੰਦੀ ਨੇ ਆਪ ਸਰਕਾਰ ’ਤੇ ਲਗਾਏ ਗੰਭੀਰ ਦੋਸ਼,

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪਿਛਲੀਆਂ ਸਰਕਾਰਾਂ ਵੱਲੋਂ ਸਿੱਖ ਸੰਸਥਾਵਾਂ ਵਿਚ ਬੇਲੋੜੀ ਦਖ਼ਲਅੰਦਾਜ਼ੀ ਕਰਕੇ ਸਿੱਖ ਕੌਮ ਨੂੰ ਆਰਥਿਕ, ਸਮਾਜਿਕ ਅਤੇ ਸਿਆਸੀ ਤੌਰ ’ਤੇ ਸੱਟਾਂ ਮਾਰੀਆਂ ਜਾ ਰਹੀਆਂ ਹਨ, ਜਿਸ ਨੂੰ ਅੱਗੇ ਤੋਰਦਿਆਂ ਮੌਜੂਦਾ ਹਕੂਮਤ ਦੇ ਮੁੱਖ ਮੰਤਰੀ ਬੇਅਦਬੀ ਅਤੇ ਹੋਰ ਸੰਜੀਦਾ ਮਸਲਿਆਂ ਨੂੰ ਉਭਾਰ ਕੇ ਪੰਜਾਬੀਆਂ ਨੂੰ ਮੁੜ ਪਰਚੇ ਪਾ ਰਹੀ ਹੈ, ਇਹ ਖ਼ੁਲਾਸਾ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਸੋਮਵਾਰ ਨੂੰ ਇੱਥੇ ਸੱਦੀ ਗਈ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹਾਜ਼ਰ ਐੱਸਜੀਪੀਸੀ ਦੇ ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਪਾਰਟੀ ਦੇ ਬੁਲਾਰੇ ਸ਼ਮਸ਼ੇਰ ਪੁਰਖਾਲਵੀ, ਯੂਥ ਆਗੂ ਰਵਿੰਦਰ ਸਿੰਘ ਖੇੜਾ ਅਤੇ ਸੁਖਵਿੰਦਰ ਸਿੰਘ ਸ਼ਿੰਦੀ ਨੇ ‘ਆਪ’ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਖ਼ੁਦ ਬੇਅਦਬੀ ਜਿਹੇ ਮਾਮਲਿਆਂ ਵਿਚ ਸ਼ਾਮਲ ਰਹੀ ਹੈ, ਮੁੱਖ ਮੰਤਰੀ ਭਗਵੰਤ ਮਾਨ, ਆਤਿਸ਼ੀ ਮਾਰਲੇਨਾ, ਨਰੇਸ਼ ਯਾਦਵ, ਹਰਪਾਲ ਚੀਮਾ ਅਤੇ ਹਰਜੋਤ ਬੈਂਸ ਇਸ ਦੀਆਂ ਤਾਜ਼ਾ ਉਦਾਹਰਨਾਂ ਹਨ।
ਅਕਾਲੀ ਆਗੂਆਂ ਨੇ ਕਿਹਾ ਕਿ 328 ਸਰੂਪਾਂ ਸਬੰਧੀ ਬੇਲੋੜਾ ਵਾਦ-ਵਿਵਾਦ ਖੜ੍ਹਾ ਕਰਕੇ ਸਰਕਾਰ ਬਹਿਬਲ ਕਲਾਂ ਤੇ ਬਰਗਾੜੀ ਜਿਹੇ ਅਹਿਮ ਮਾਮਲਿਆਂ ਵਿਚ 48 ਘੰਟੇ ਵਿਚ ਇਨਸਾਫ਼ ਦੇਣ ਦੇ ਆਪਣੇ ਵਾਅਦੇ ਤੋਂ ਚਿੱਟੇ ਦਿਨ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਮਾਮਲੇ ਵਿਚ ਡਾ. ਈਸ਼ਰ ਸਿੰਘ ਦੀ ਰਿਪੋਰਟ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਜਦਕਿ ਇਸੇ ਰਿਪੋਰਟ ਵਿਚ ਦੋਸ਼ੀ ਪਾਏ ਗਏ ਜਸਪ੍ਰੀਤ ਸਿੰਘ ਨੂੰ ਆਪ ਪਾਰਟੀ ਆਪਣੀ ਪਾਰਟੀ ਤੇ ਸਰਕਾਰ ਵਿਚ ਅਹੁਦੇ ਦੇਕੇ ਨਿਵਾਜ ਰਹੀ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਬੇਅਦਬੀ ਮਾਮਲਿਆਂ ਵਿਚ ਸਿੱਖਾਂ ਨੂੰ ਇਨਸਾਫ਼ ਦੇਣ ਤੋਂ ਭੱਜ ਗਈ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਅੱਜ ਸਾਜ਼ਿਸ਼ ਤਹਿਤ ਸ਼੍ਰੀ ਅਕਾਲ ਤਖ਼ਤ ਦੀ ਸਰਵਉੱਚਤਾ ਅਤੇ ਮਰਿਆਦਾ ਨੂੰ ਖੁੱਲ੍ਹੇਆਮ ਵੰਗਾਰ ਰਿਹਾ ਹੈ। ਕੇਂਦਰ ਵੱਲੋਂ ਮਿਲੀਆਂ ਗ੍ਰਾਂਟਾਂ ਅਤੇ ਪੰਜਾਬ ਦੇ ਚਿੱਟੇ ਦਿਨ ਕੀਤੀ ਜਾ ਰਹੀ ਲੁੱਟ ਖਸੁੱਟ ਦਾ ਪੰਜਾਬੀਆਂ ਨੂੰ ਜਵਾਬ ਦੇਣ ਦੀ ਬਜਾਏ ਅੱਜ ਗੋਲਕਾਂ ਦਾ ਹਿਸਾਬ ਮੰਗ ਰਿਹਾ ਹੈ, ਦੂਜੇ ਪਾਸੇ ਸਿੱਖ ਗੁਰੂਆਂ ਦਾ ਸ਼ਰੇਆਮ ਅਪਮਾਨ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਵੱਲੋਂ ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ਨੂੰ ਦਿੱਤੇ ਸ਼ਾਮ ਦਾਮ ਦੰਡ ਭੇਦ ਵਾਲੇ ਨੁਸਖੇ ’ਤੇ ਅਮਲ ਕਰਦਿਆਂ 2027 ਦੀਆਂ ਆਮ ਚੋਣਾਂ ਜਿੱਤਣ ਦੀ ਬਜਾਏ ਲੁੱਟਣ ਲਈ ਮੁੱਖ ਵਿਰੋਧੀ ਧਿਰ ਅਤੇ ਪੰਜਾਬੀਆਂ ਦੀ ਆਪਣੀ ਮਾਂ ਖੇਤਰੀ ਪਾਰਟੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਝੂਠੇ ਮਾਮਲਿਆਂ ਵਿਚ ਫਸਾਉਣ ਲਈ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਲਾਮਬੰਦ ਕਰ ਰਹੀ ਹੈ, ਜਿਨ੍ਹਾਂ ਵਿਰੁੱਧ ਅਕਾਲੀ ਦਲ ਨੇ ਸਮੇਂ-ਸਮੇਂ ਸਿਰ ਪ੍ਰਸ਼ਾਸਕੀ ਕਾਰਵਾਈਆਂ ਕਰਕੇ ਸਜ਼ਾਵਾਂ ਦਿੱਤੀਆਂ ਅਤੇ ਦਿਵਾਈਆਂ ਸਨ। ਅਕਾਲੀ ਆਗੂਆਂ ਨੇ ਇਨ੍ਹਾਂ ਪੁਲਿਸ ਅਧਿਕਾਰੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਐੱਸਐੱਸਪੀ ਡਾ. ਰਵਜੋਤ ਕੌਰ ਗਰੇਵਾਲ, ਐੱਸਪੀ ਹਰਪਾਲ ਸਿੰਘ ਤੇ ਗੁਰਬੰਸ ਸਿੰਘ ਬੈਂਸ ਅਤੇ ਡਿਪਟੀ ਬੇਅੰਤ ਜੁਨੇਜਾ ਨੂੰ ਸੁਖਬੀਰ ਸਿੰਘ ਬਾਦਲ ਦੀ ਸੁਪਾਰੀ ਦਿੱਤੀ ਗਈ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਅਗਰ ਸਰਕਾਰ ਨੇ ਪਾਰਟੀ ਪ੍ਰਧਾਨ ਨਾਲ ਕਿਸੇ ਕਿਸਮ ਦੀ ਵੀ ਵਧੀਕੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਸਿੱਟੇ ਭਿਆਨਕ ਹੋਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸੁਖਬੀਰ ਸਿੰਘ ਬਾਦਲ ਹਰ ਮੁਹਾਜ਼ ’ਤੇ ਫੇਲ੍ਹ ਅਤੇ ਆਪਣਾ ਆਧਾਰ ਗੁਆ ਚੁੱਕੀ ਸਰਕਾਰ ਤੋਂ ਡਰਨ ਵਾਲੇ ਨਹੀਂ ਹਨ। ਅਕਾਲੀ ਦਲ ਦੇ ਮੁੜ ਉਭਾਰ ਤੋਂ ਭੈਭੀਤ ਹੋਈ ਨਿਕੰਮੀ ਸਰਕਾਰ ਦੀ ਇਹ ਸਿਰਫ਼ ਬੁਖਲਾਹਟ ਹੈ। ਉਨ੍ਹਾਂ ਪੰਜਾਬੀਆਂ ਨਾਲ ਵਾਅਦਾ ਕੀਤਾ ਕਿ ਸਰਕਾਰ ਦੀਆਂ ਤਮਾਮ ਮਾਨਵ ਤੇ ਪੰਜਾਬ ਵਿਰੋਧੀ ਕਾਰਵਾਈਆਂ ਨੂੰ ਲੋਕਾਂ ਵਿਚ ਨੰਗਾ ਕਰਕੇ ਸਰਕਾਰ ਦੇ ਹਰ ਜ਼ੁਲਮ ਨਾਲ ਡੱਟਕੇ ਲੜਾਂਗੇ।