ਲਾਲੜੂ-ਧਰਮਗੜ੍ਹ ਸੰਪਰਕ ਸੜਕ ਸਮੇਤ ਲਿੰਕ ਸੜਕਾਂ ਦੀ ਹਾਲਤ ਖ਼ਸਤਾ, ਰਾਹਗੀਰ ਪਰੇਸ਼ਾਨ
ਲਾਲੜੂ-ਧਰਮਗੜ੍ਹ ਸੰਪਰਕ ਸੜਕ ਸਮੇਤ ਲਿੰਕ ਸੜਕਾਂ ਦੀ ਹਾਲਤ ਖ਼ਸਤਾ , ਰਾਹਗੀਰ ਪਰੇਸ਼ਾਨ
Publish Date: Thu, 26 Feb 2026 06:56 PM (IST)
Updated Date: Thu, 26 Feb 2026 06:58 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਲਾਲੜੂ-ਧਰਮਗੜ੍ਹ ਸੰਪਰਕ ਸੜਕ ਦੀ ਖ਼ਸਤਾ ਹਾਲਤ ਨੂੰ ਲੈ ਕੇ ਪਿੰਡ ਧਰਮਗੜ੍ਹ ਸਮੇਤ ਨੇੜਲੇ ਪਿੰਡਾਂ ’ਚ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਲਾਲੜੂ ਤੋਂ ਧਰਮਗੜ੍ਹ ਨੂੰ ਹੁੰਦੀ ਹੋਈ ਪਿੰਡ ਰਾਮਗੜ੍ਹ ਰੁੜਕੀ ਤੱਕ ਦੀ ਸੰਪਰਕ ਸੜਕ, ਧਰਮਗੜ੍ਹ-ਸਿਤਾਰਪੁਰ ਸੰਪਰਕ ਸੜਕ ’ਤੇ ਪੰਜਾਬੀ ਢਾਬੇ ਤੋਂ ਲੈ ਕੇ ਸਿਤਾਰਪੁਰ ਵਾਲੀ ਸੰਪਰਕ ਸੜਕਾਂ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ। ਪਿੰਡ ਵਾਸੀ ਜਗਤਾਰ ਸਿੰਘ ਧਰਮਗੜ੍ਹ, ਸੁਖਵਿੰਦਰ ਸਿੰਘ ਰੁੜਕੀ, ਸਿਓ ਰਾਮ ਮੀਰਪੁਰਾ, ਨਰਿੰਦਰ ਸਿੰਘ ਧਰਮਗੜ੍ਹ, ਰਾਜ ਕੁਮਾਰ ਧਰਮਗੜ੍ਹ, ਲਵਲੀ ਧਰਮਗੜ੍ਹ ਤੇ ਬਿਲੂ ਜਾਸਤਨਾ ਆਦਿ ਦਾ ਕਹਿਣਾ ਹੈ ਕਿ ਇਨ੍ਹਾਂ ਸੜਕਾਂ ’ਤੇ ਟੋਇਆਂ ਦੀ ਭਰਮਾਰ ਹੈ। ਉਨ੍ਹਾਂ ਦੱਸਿਆ ਕਿ ਉਕਤ ਸੜਕਾਂ ਰਾਹੀਂ ਜਿੱਥੇ ਰੋਜ਼ਾਨਾ ਹਜ਼ਾਰਾਂ ਰਾਹਗੀਰ ਸਾਈਕਲ, ਦੁਪਹੀਆ ਵਾਹਨ ਅਤੇ ਚਾਰ ਪਹੀਆ ਵਾਹਨ ਲੈ ਕੇ ਕੰਮ-ਕਾਰ ਲਈ ਲਾਲੜੂ ਆਉਂਦੇ ਹਨ, ਉੱਥੇ ਹੀ ਇਸ ਸੰਪਰਕ ਸੜਕ ’ਤੇ ਕਰੀਬ ਅੱਧੀ ਦਰਜਨ ਸਕੂਲ ਪੈਂਦੇ ਹਨ, ਜਿਨ੍ਹਾਂ ਵਿਚ ਰੋਜ਼ਾਨਾ ਹਜ਼ਾਰਾਂ ਵਿਦਿਆਰਥੀ ਪੜ੍ਹਨ ਲਈ ਇਸ ਸੜਕ ਰਾਹੀਂ ਸਕੂਲ ਜਾਂਦੇ ਹਨ, ਜੋ ਰੋਜ਼ਾਨਾ ਖਿਲਰੇ ਪਏ ਪੱਥਰਾਂ ਦਾ ਸ਼ਿਕਾਰ ਹੋ ਕੇ ਸੱਟਾਂ ਖਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੈਣੀ ਮਾਰਕੀਟ ਤੋਂ ਲੈ ਕੇ ਧਰਮਗੜ੍ਹ ਤੱਕ ਤਾਂ ਸੜਕ ਦੀ ਬਹੁਤ ਹੀ ਖ਼ਸਤਾ ਹਾਲਤ ਹੈ ਅਤੇ ਸੜਕ ਤੇ ਪਾਇਆ ਗਟਕਾ ਵੀ ਖਿਲਰ ਚੁੱਕਾ ਹੈ, ਕਈ ਥਾਵਾਂ ਤੇ ਵੱਡੇ-ਵੱਡੇ ਟੋਏ ਵੀ ਹਨ, ਜੋ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਜਿਸ ਤਰ੍ਹਾਂ ਹੋਰਨਾਂ ਸੜਕਾਂ ਦੀ ਰਿਪੇਅਰ ਕਰਕੇ ਨੁਹਾਰ ਬਦਲੀ ਜਾ ਰਹੀ , ਉਸੇ ਤਰ੍ਹਾਂ ਇਸ ਸੜਕ ਦੀ ਵੀ ਸਾਰ ਲਈ ਜਾਵੇ ਤਾਂ ਜੋ ਰਾਹਗੀਰ ਅਤੇ ਵਿਦਿਆਰਥੀਆਂ ਨੂੰ ਆਉਣ-ਜਾਣ ਵਿਚ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ। ਸੰਪਰਕ ਕਰਨ ਤੇ ਪੰਜਾਬ ਮੰਡੀ ਬੋਰਡ ਮੁਹਾਲੀ ਦੇ ਐੱਸਡੀਓ ਯਯਾਤੀ ਸ਼ਰਮਾ ਨੇ ਦੱਸਿਆ ਕਿ ਉਕਤ ਦੋਵੇਂ ਸੜਕਾਂ ਦੇ ਟੈਂਡਰ ਹੋ ਚੁੱਕੇ ਹਨ ਅਤੇ 16 ਮਾਰਚ ਨੂੰ ਟੈਂਡਰ ਖੁੱਲ੍ਹਣੇ ਹਨ, ਉਸ ਤੋਂ ਬਾਅਦ ਇਨ੍ਹਾਂ ਦੋਵੇਂ ਸੜਕਾਂ ਦਾ ਕੰਮ ਸ਼ੁਰੂ ਹੋਵੇਗਾ।