ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਾਰਡ ਬਨਾਉਣ ਲਈ ਲਾਏ ਕੈਂਪ ਨੂੰ ਲੋਕਾਂ ਵੱਲੋਂ ਭਰਪੂਰ ਹੁੰਗਾਰਾ
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਾਰਡ ਬਨਾਉਣ ਲਈ ਲਾਏ ਕੈਂਪ ਨੂੰ ਲੋਕਾਂ ਵੱਲੋਂ ਭਰਪੂਰ ਹੁੰਗਾਰਾ,
Publish Date: Sat, 31 Jan 2026 06:34 PM (IST)
Updated Date: Sat, 31 Jan 2026 06:37 PM (IST)

ਵਿਧਾਇਕ ਕੁਲਵੰਤ ਸਿੰਘ ਨੇ ਕੀਤਾ ਉਦਘਾਟਨ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਵਾਲੇ ਸਿਹਤ ਬੀਮਾ ਕਾਰਡ ਬਣਾਉਣ ਲਈ ਸਥਾਨਕ ਵਾਰਡ ਨੰ. 34, ਸੈਕਟਰ-70 ਮੁਹਾਲੀ ਵਿਖੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦੀ ਅਗਵਾਈ ਹੇਠ ਇਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਕੀਤਾ ਗਿਆ। ਕੈਂਪ ਦੌਰਾਨ ਇਲਾਕੇ ਦੇ ਨਾਗਰਿਕਾਂ ਵਿਚ ਯੋਜਨਾ ਨੂੰ ਲੈ ਕੇ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ। ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਮੁਹਾਲੀ ਵਿਚ ਸ਼ੁਰੂ ਕਰਨ ਲਈ 70 ਸੈਕਟਰ ਵਿਚ ਲਾਇਆ ਇਹ ਪਹਿਲਾ ਕੈਂਪ ਹੈ, ਜਿਸ ਨੂੰ ਲੋਕਾਂ ਨੇ ਭਰਪੂਰ ਹੁੰਗਾਰਾ ਦਿੱਤਾ। ਵਿਧਾਇਕ ਕੁਲਵੰਤ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਆਮ ਪਰਿਵਾਰਾਂ ਲਈ ਇਕ ਵੱਡਾ ਸਹਾਰਾ ਹੈ, ਜਿਸ ਨਾਲ ਮਹਿੰਗੇ ਇਲਾਜ ਦਾ ਬੋਝ ਘਟਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਹੈ ਕਿ ਕੋਈ ਵੀ ਪਰਿਵਾਰ ਇਲਾਜ ਤੋਂ ਵਾਂਝਾ ਨਾ ਰਹੇ। ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਵਾਰਡ ਨੰ. 34 ਦੇ ਵਸਨੀਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਇਹ ਕੈਂਪ ਲਗਾਇਆ ਗਿਆ ਹੈ ਤਾਂ ਜੋ ਹਰ ਯੋਗ ਪਰਿਵਾਰ ਸਿਹਤ ਬੀਮਾ ਯੋਜਨਾ ਦਾ ਲਾਭ ਲੈ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੀ ਇਸ ਲੋਕ-ਪੱਖੀ ਯੋਜਨਾ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਇਆ ਜਾਵੇ। ਕੈਂਪ ਦੌਰਾਨ ਤਕਰੀਬਨ 100 ਨਾਗਰਿਕਾਂ ਦੇ ਸਿਹਤ ਬੀਮਾ ਕਾਰਡਾਂ ਦੀ ਰਜਿਸਟਰੇਸ਼ਨ ਕੀਤੀ ਗਈ ਅਤੇ ਉਨ੍ਹਾਂ ਨੂੰ ਪਰਚੀਆਂ ਵੰਡੀਆਂ ਗਈਆਂ। ਕੈਂਪ ਦੀ ਸਫ਼ਲਤਾ ਲਈ ਸਥਾਨਕ ਵਾਸੀਆਂ ਨੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦਾ ਧੰਨਵਾਦ ਕੀਤਾ। ਕੈਂਪ ਦੀ ਸਫ਼ਲਤਾ ਲਈ ਐੱਮਆਈਜੀ ਸੁਪਰ ਐਸੋਸੀਏਸਨ ਦੇ ਪ੍ਰਧਾਨ ਆਰਪੀ ਕੰਬੋਜ, ਆਰਕੇ ਗੁਪਤਾ ਜਨਰਲ ਸਕੱਤਰ, ਮੀਤ ਪ੍ਰਧਾਨ ਬਲਵਿੰਦਰ ਬੱਲੀ, ਐੱਸਕੇ ਸ਼ਰਮਾ, ਰਿਸ਼ੀ ਅਪਾਰਟਮੈਂਟਸ ਦੇ ਪ੍ਰਧਾਨ ਹਰਪ੍ਰੀਤ ਸਿੰਘ, ਸੱਤਪਾਲ ਘੁੰਮਣ, ਐੱਲਆਈਜੀ ਐਸੋਸੀਏਸਨ ਦੇ ਪ੍ਰਧਾਨ ਸੰਤੋਖ ਸਿੰਘ, ਸੁਖਵਿੰਦਰ ਕੌਰ ਭੁੱਲਰ, ਸੁਖਬੀਰ ਕੌਰ, ਜਸਬੀਰ ਜੱਸੀ, ਕੁਲਦੀਪ ਕੌਰ, ਸੋਭਾ ਗੌਰੀਆ, ਐੱਮਆਈਜੀ ਇੰਡੀ ਦੇ ਪ੍ਰਧਾਨ ਬਿਪਨਜੀਤ ਸਿੰਘ, ਬਹਾਦਰ ਸਿੰਘ, ਅਮਰ ਸਿੰਘ ਧਾਲੀਵਾਲ, ਜਸਬੀਰ ਸਿੰਘ ਗੋਸਲ, ਸੁਖਦੇਵ ਸਿੰਘ ਨੇ ਪੂਰੀ ਮਦਦ ਕੀਤੀ।