ਟਰੱਕ ਦੀ ਲਪੇਟ ’ਚ ਆਉਣ ਕਾਰਨ ਬਾਈਕ ਸਵਾਰ ਜ਼ਖ਼ਮੀ
ਸੁਖਮਨੀ ਕਾਲਜ ਨੇੜੇ ਭਿਆਨਕ ਸੜਕ ਹਾਦਸਾ, ਟਰੱਕ ਦੀ ਲਪੇਟ ’ਚ ਆਉਣ ਕਾਰਨ ਬਾਈਕ ਸਵਾਰ ਜ਼ਖ਼ਮੀ
Publish Date: Tue, 24 Feb 2026 08:37 PM (IST)
Updated Date: Tue, 24 Feb 2026 08:40 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ਤੇ ਸਥਿਤ ਸੁਖਮਨੀ ਕਾਲਜ ਦੇ ਸਾਹਮਣੇ ਇਕ ਦਰਦਨਾਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇਕ ਤੇਜ਼ ਰਫ਼ਤਾਰ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਰਾਹਗੀਰਾਂ ਅਨੁਸਾਰ, ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੋਟਰਸਾਈਕਲ ਸਵਾਰ ਹਾਈਵੇ ਰਾਹੀਂ ਅੰਬਾਲਾ ਤੋਂ ਚੰਡੀਗੜ੍ਹ ਵੱਲ ਜਾ ਰਿਹਾ ਸੀ। ਸੁਖਮਨੀ ਕਾਲਜ ਦੇ ਬਿਲਕੁਲ ਸਾਹਮਣੇ ਇਕ ਬੇਕਾਬੂ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਟਰੱਕ ਦੇ ਥੱਲੇ ਆ ਗਿਆ ਅਤੇ ਉਸ ਨੂੰ ਕਾਫ਼ੀ ਸੱਟਾਂ ਲੱਗੀਆਂ। ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਜ਼ਖ਼ਮੀ ਨੂੰ ਸੰਭਾਲਿਆ ਅਤੇ ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਭਰਤੀ ਕਰਵਾਇਆ। ਡਾਕਟਰਾਂ ਵੱਲੋਂ ਜ਼ਖ਼ਮੀ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ।