ਡੇਰਾਬੱਸੀ ਦੇ ਨੇੜੇ ਭਿਆਨਕ ਸੜਕ ਹਾਦਸਾ, 28 ਸਾਲਾ ਨੌਜਵਾਨ ਦੀ ਮੌਤ, ਪਤਨੀ ਸਮੇਤ ਚਾਰ ਜ਼ਖ਼ਮੀ
ਡੇਰਾਬੱਸੀ ਦੇ ਨੇੜੇ ਭਿਆਨਕ ਸੜਕ ਹਾਦਸਾ, 28 ਸਾਲਾ ਨੌਜਵਾਨ ਦੀ ਮੌਤ, ਪਤਨੀ ਸਮੇਤ ਚਾਰ ਜ਼ਖ਼ਮੀ
Publish Date: Sat, 14 Mar 2026 06:57 PM (IST)
Updated Date: Sat, 14 Mar 2026 07:00 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਦੇ ਨੇੜੇ ਦੇਰ ਰਾਤ ਹੋਏ ਇਕ ਦਰਦਨਾਕ ਸੜਕ ਹਾਦਸੇ ਵਿਚ 28 ਸਾਲਾ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਸਮੇਤ ਚਾਰ ਹੋਰ ਲੋਕ ਜ਼ਖ਼ਮੀ ਹੋ ਗਏ। ਇਹ ਹਾਦਸਾ ਬੀਤੀ ਰਾਤ ਕਰੀਬ 2:30 ਵਜੇ ਦਾ ਦੱਸਿਆ ਜਾ ਰਿਹਾ ਹੈ, ਜਦੋਂ ਇਕ ਪਰਿਵਾਰ ਕਾਰ ਵਿਚ ਸਵਾਰ ਹੋ ਕੇ ਦਿੱਲੀ ਤੋਂ ਹਿਮਾਚਲ ਪ੍ਰਦੇਸ਼ ਵੱਲ ਜਾ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਜਦੋਂ ਕਾਰ ਡੇਰਾਬੱਸੀ ਨੇੜੇ ਪਹੁੰਚੀ ਤਾਂ ਅੱਗੇ ਜਾ ਰਹੇ ਇਕ ਵੱਡੇ ਟਰੱਕ ਨਾਲ ਇਸ ਦੀ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਉਸ ਵਿਚ ਸਵਾਰ ਲੋਕਾਂ ਵਿਚ ਅਫਰਾ-ਤਫਰੀ ਦਾ ਮਾਹੌਲ ਬਣ ਗਿਆ। ਹਾਦਸੇ ਤੋਂ ਬਾਅਦ ਨੇੜਲੇ ਲੋਕ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਕਾਰ ਤੋਂ ਬਾਹਰ ਕੱਢ ਕੇ ਪੁਲਿਸ ਅਤੇ ਐਂਬੂਲੈਂਸ ਨੂੰ ਸੂਚਨਾ ਦਿੱਤੀ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸਤਬੀਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿਚ ਵੈਭਵ ਬਵੇਜਾ (28) ਨਿਵਾਸੀ ਦਿੱਲੀ ਦੀ ਮੌਤ ਹੋ ਗਈ। ਵੈਭਵ ਆਪਣੀ ਪਤਨੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਹਿਮਾਚਲ ਪ੍ਰਦੇਸ਼ ਜਾ ਰਹੇ ਸਨ। ਕਾਰ ਵਿਚ ਕੁੱਲ ਪੰਜ ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ ਚਾਰ ਲੋਕਾਂ ਨੂੰ ਸੱਟਾਂ ਆਈਆਂ ਹਨ। ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਸਾਰੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਉੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਵੈਭਵ ਬਵੇਜਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਦਕਿ ਜ਼ਖ਼ਮੀਆਂ ਦਾ ਇਲਾਜ ਕੀਤਾ ਗਿਆ ਅਤੇ ਇਕ ਜ਼ਖ਼ਮੀ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਇਲਾਜ ਲਈ ਸੈਕਟਰ-32 ਹਸਪਤਾਲ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਦੇ ਅਨੁਸਾਰ ਜਿਸ ਟਰੱਕ ਨਾਲ ਕਾਰ ਦੀ ਟੱਕਰ ਹੋਈ, ਉਸ ਦਾ ਡਰਾਈਵਰ ਹਾਦਸੇ ਤੋਂ ਬਾਅਦ ਟਰੱਕ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਦੀ ਪਛਾਣ ਲਈ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵੈਭਵ ਬਵੇਜਾ, ਦੀਪਕ ਬਵੇਜਾ ਦੇ ਪੁੱਤਰ ਸਨ ਅਤੇ ਪਰਿਵਾਰ ਦੇ ਇਕਲੌਤੇ ਪੁੱਤਰ ਸਨ। ਉਨ੍ਹਾਂ ਦਾ ਵਿਆਹ ਕੁਝ ਮਹੀਨੇ ਪਹਿਲਾਂ ਹੀ ਹੋਇਆ ਸੀ। ਵਿਆਹ ਤੋਂ ਬਾਅਦ ਪਰਿਵਾਰ ਵਿਚ ਖੁਸ਼ੀਆਂ ਦਾ ਮਾਹੌਲ ਸੀ, ਪਰ ਇਸ ਹਾਦਸੇ ਨੇ ਪਰਿਵਾਰ ਦੀਆਂ ਖੁਸ਼ੀਆਂ ਪਲ ਭਰ ਵਿਚ ਹੀ ਖੋਹ ਲਈਆਂ। ਪੁੱਤਰ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਗਈ। ਪੁਲਿਸ ਨੇ ਪੋਸਟਮਾਰਟਮ ਕਰਵਾਇਆ ਅਤੇ ਜ਼ਰੂਰੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਪ ਦਿੱਤੀ। ਇਸ ਦਰਦਨਾਕ ਹਾਦਸੇ ਨਾਲ ਪੂਰੇ ਇਲਾਕੇ ਵਿਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ।