ਸੁਸਾਇਟੀ ਦੇ ਫਲੈਟ ’ਚ ਲੱਗੀ ਭਿਆਨਕ ਅੱਗ, ਸਿਲੰਡਰ ਫਟਣੋਂ ਬਚਿਆ
ਸੁਸਾਇਟੀ ਦੇ ਫਲੈਟ 'ਚ ਲੱਗੀ ਭਿਆਨਕ ਅੱਗ, ਸਿਲੰਡਰ ਫਟਣੋਂ ਬਚਿਆ
Publish Date: Mon, 20 Apr 2026 08:40 PM (IST)
Updated Date: Mon, 20 Apr 2026 08:42 PM (IST)

ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਜ਼ੀਰਕਪੁਰ ਦੇ ਢਕੌਲੀ ਖੇਤਰ ’ਚ ਸਥਿਤ ਗੁਲਮੋਹਰ ਐਵੇਨਿਊ ਸੁਸਾਇਟੀ ਵਿਚ ਸੋਮਵਾਰ ਦੁਪਹਿਰ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਇਕ ਫਲੈਟ ਦੀ ਰਸੋਈ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਨੇ ਤੇਜ਼ੀ ਨਾਲ ਵਿਕਰਾਲ ਰੂਪ ਧਾਰਨ ਕਰ ਲਿਆ ਅਤੇ ਰਸੋਈ ਵਿਚ ਪਏ ਗੈਸ ਸਿਲੰਡਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਖ਼ੁਸ਼ਕਿਸਮਤੀ ਰਹੀ ਕਿ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲ ਲਿਆ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਵੱਡਾ ਧਮਾਕਾ ਹੋਣੋਂ ਟਲ ਗਿਆ। ਜਾਣਕਾਰੀ ਅਨੁਸਾਰ ਇਹ ਹਾਦਸਾ ਦੁਪਹਿਰ ਕਰੀਬ 12:30 ਵਜੇ ਸੁਸਾਇਟੀ ਦੇ ਮਕਾਨ ਨੰ. 104 ਵਿਚ ਵਾਪਰਿਆ। ਘਰ ਦੇ ਮਾਲਕ ਪਵਨ ਕੁਮਾਰ ਜੈਨ ਨੇ ਦੱਸਿਆ ਕਿ ਉਸ ਸਮੇਂ ਰਸੋਈ ਵਿਚ ਚਾਹ ਬਣਾ ਰਿਹਾ ਸੀ। ਇਸ ਦੌਰਾਨ ਅਚਾਨਕ ਚੁੱਲ੍ਹੇ ਤੋਂ ਉੱਠੀ ਚੰਗਿਆੜੀ ਨੇ ਸਿਲੰਡਰ ਦੀ ਪਾਈਪ ਜਾਂ ਰੈਗੂਲੇਟਰ ਕੋਲੋਂ ਅੱਗ ਫੜ ਲਈ। ਦੇਖਦੇ ਹੀ ਦੇਖਦੇ ਲਪਟਾਂ ਪੂਰੀ ਰਸੋਈ ਵਿਚ ਫੈਲ ਗਈਆਂ ਅਤੇ ਅੰਦਰ ਪਿਆ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਰਸੋਈ ਵਿਚੋਂ ਧੂੰਆਂ ਨਿਕਲਦਾ ਦੇਖ ਕੇ ਆਸ-ਪਾਸ ਦੇ ਲੋਕ ਤੁਰੰਤ ਮਦਦ ਲਈ ਪਹੁੰਚੇ। ਸਥਾਨਕ ਵਾਸੀਆਂ ਨੇ ਸੁਸਾਇਟੀ ਵਿਚ ਲੱਗੇ ਅੱਗ ਬੁਝਾਊ ਯੰਤਰਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਇੰਨੀ ਭਿਆਨਕ ਸੀ ਕਿ ਲੋਕਾਂ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ। ਸਿਲੰਡਰ ਦੇ ਅੱਗ ਫੜਨ ਕਾਰਨ ਪੂਰੀ ਬਿਲਡਿੰਗ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲੋਕਾਂ ਨੂੰ ਸਿਲੰਡਰ ਫਟਣ ਦਾ ਡਰ ਸਤਾਉਣ ਲੱਗਾ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਇਕ ਗੱਡੀ ਮੌਕੇ ’ਤੇ ਪਹੁੰਚੀ। ਫਾਇਰ ਕਰਮੀਆਂ ਨੇ ਸੂਝਬੂਝ ਦਿਖਾਉਂਦੇ ਹੋਏ ਸਭ ਤੋਂ ਪਹਿਲਾਂ ਬਲਦੇ ਹੋਏ ਸਿਲੰਡਰ ਨੂੰ ਸੁਰੱਖਿਅਤ ਤਰੀਕੇ ਨਾਲ ਰਸੋਈ ਵਿਚੋਂ ਬਾਹਰ ਕੱਢਿਆ ਤਾਂ ਜੋ ਧਮਾਕੇ ਦੇ ਖ਼ਤਰੇ ਨੂੰ ਖ਼ਤਮ ਕੀਤਾ ਜਾ ਸਕੇ। ਕਰੀਬ 20 ਮਿੰਟ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ। ਫਾਇਰ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਜੇਕਰ ਸੂਚਨਾ ਮਿਲਣ ’ਚ ਥੋੜ੍ਹੀ ਵੀ ਦੇਰੀ ਹੁੰਦੀ ਤਾਂ ਸਿਲੰਡਰ ਫਟਣ ਨਾਲ ਪੂਰੀ ਇਮਾਰਤ ਨੂੰ ਨੁਕਸਾਨ ਪਹੁੰਚ ਸਕਦਾ ਸੀ। ਵਿਭਾਗ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।