ਚੰਡੀਗੜ੍ਹ ’ਚ ਹਰ 208ਵਾਂ ਵਿਅਕਤੀ ਜੂਝ ਰਿਹੈ ਟੀਬੀ ਨਾਲ
ਟੀਬੀ ਮੁਕਤ ਭਾਰਤ ਦੇ ਦਾਅਵਿਆਂ ਦਰਮਿਆਨ ਚੰਡੀਗੜ੍ਹ ਵਿੱਚ ਵਧਦਾ ਟੀਬੀ ਦਾ ਖਤਰਾ
Publish Date: Sat, 03 Jan 2026 06:58 PM (IST)
Updated Date: Sun, 04 Jan 2026 04:12 AM (IST)

ਸਾਲ 2025 ’ਚ ਅਕਤੂਬਰ ਤੱਕ 5,765 ਟੀਬੀ ਮਰੀਜ਼ ਆਏ ਸਾਹਮਣੇ, 100 ਦਿਨਾਂ ਦਾ ਟੀਬੀ ਉਨਮੂਲਨ ਅਭਿਆਨ ਵੀ ਰੋਕ ਲਗਾਉਣ ਰਿਹਾ ’ਚ ਨਾਕਾਮ ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਟੀਬੀ ਮੁਕਤ ਭਾਰਤ ਦੇ ਸਰਕਾਰੀ ਦਾਅਵਿਆਂ ਦੇ ਬਾਵਜੂਦ ਚੰਡੀਗੜ੍ਹ ’ਚ ਟੀਬੀ ਦੇ ਮਾਮਲਿਆਂ ਦਾ ਗ੍ਰਾਫ ਹੇਠਾਂ ਨਹੀਂ ਆ ਰਿਹਾ। ਸਾਲ 2025 ਵਿਚ ਅਕਤੂਬਰ ਤੱਕ 5,765 ਟੀਬੀ ਮਰੀਜ਼ ਸਾਹਮਣੇ ਆਏ ਹਨ, ਜਿਸ ਦਾ ਅਰਥ ਹੈ ਕਿ ਸ਼ਹਿਰ ਵਿਚ ਰੋਜ਼ਾਨਾ ਔਸਤਨ 19 ਨਵੇਂ ਟੀਬੀ ਮਰੀਜ਼ ਮਿਲ ਰਹੇ ਹਨ। ਇਹ ਜਾਣਕਾਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਰਾਜ ਸਭਾ ਵਿਚ ਪੇਸ਼ ਕੀਤੀ ਇਕ ਰਿਪੋਰਟ ਵਿੱਚ ਸਾਹਮਣੇ ਆਈ ਹੈ। ਉੱਥੇ ਹੀ 100 ਦਿਨਾਂ ਦੇ ਵਿਸ਼ੇਸ਼ ਟੀਬੀ ਉਨਮੂਲਨ ਅਭਿਆਨ ਤੋਂ ਬਾਅਦ ਵੀ ਸ਼ਹਿਰ ’ਚ ਟੀਬੀ ਦੇ ਸੰਕਰਮਣ ਦੀ ਰਫ਼ਤਾਰ ਚਿੰਤਾਜਨਕ ਬਣੀ ਹੋਈ ਹੈ। ਮੌਜੂਦਾ ਹਾਲਾਤ ਇਹ ਹਨ ਕਿ ਚੰਡੀਗੜ੍ਹ ’ਚ ਹਰ 208ਵਾਂ ਵਿਅਕਤੀ ਟੀਬੀ ਨਾਲ ਜੂਝ ਰਿਹਾ ਹੈ। ਰਿਪੋਰਟ ਵਿੱਚ ਸਾਹਮਣੇ ਆਈ ਜਾਣਕਾਰੀ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪਿਛਲੇ ਸਾਲ ਚੰਡੀਗੜ੍ਹ ਵਿਚ ਚਲਾਇਆ ਗਿਆ 100 ਦਿਨਾਂ ਦਾ ਟੀਬੀ ਉਨਮੂਲਨ ਅਭਿਆਨ ਵੀ ਸੰਕਰਮਣ ਦੀ ਰਫ਼ਤਾਰ ‘ਤੇ ਰੋਕ ਲਗਾਉਣ ਵਿਚ ਨਾਕਾਮ ਰਿਹਾ। ਇਹ ਹਾਲਾਤ ਉਸ ਵੇਲੇ ਹਨ, ਜਦੋਂ ਚੰਡੀਗੜ੍ਹ ਨੂੰ ਦੇਸ਼ ਦੀ ਮਾਡਲ ਹੈਲਥ ਸਿਟੀ ਵਜੋਂ ਪ੍ਰਚਾਰਿਤ ਕੀਤਾ ਜਾਂਦਾ ਰਿਹਾ ਹੈ ਤੇ ਇੱਥੇ ਪੀਜੀਆਈ, ਜੀਐਮਸੀਐਚ-32 ਅਤੇ ਸੈਕਟਰ-16 ਵਰਗੇ ਵੱਡੇ ਹਸਪਤਾਲ ਮੌਜੂਦ ਹਨ। ਡੱਬੀ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ’ਚ ਟੀਬੀ ਦਾ ਖਤਰਾ ਸਭ ਤੋਂ ਵੱਧ ਸਿਹਤ ਮਾਹਿਰਾਂ ਅਨੁਸਾਰ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ’ਚ ਟੀਬੀ ਦਾ ਖਤਰਾ ਸਭ ਤੋਂ ਵੱਧ ਹੈ, ਜਦਕਿ 46 ਤੋਂ 60 ਸਾਲ ਦੀ ਉਮਰ ਵਰਗ ਵਿੱਚ ਵੀ ਸੰਕਰਮਣ ਤੇਜ਼ੀ ਨਾਲ ਵਧ ਰਿਹਾ ਹੈ। ਇਸ ਤੋਂ ਇਲਾਵਾ 0 ਤੋਂ 14 ਸਾਲ ਦੀ ਉਮਰ ਵਰਗ ਦੇ 3.2 ਫੀਸਦੀ ਬੱਚੇ ਵੀ ਟੀਬੀ ਨਾਲ ਪੀੜਤ ਹਨ। ਮਾਹਰਾਂ ਦਾ ਕਹਿਣਾ ਹੈ ਕਿ ਲੋਕ ਟੀਬੀ ਦੇ ਸ਼ੁਰੂਆਤੀ ਲੱਛਣਾਂ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੰਦੇ ਹਨ ਅਤੇ ਸਮੇਂ ਸਿਰ ਜਾਂਚ ਨਹੀਂ ਕਰਵਾਉਂਦੇ। ਖੰਘ, ਕਫ਼ ’ਚ ਖੂਨ, ਛਾਤੀ ’ਚ ਦਰਦ ਅਤੇ ਲਗਾਤਾਰ ਕਮਜ਼ੋਰੀ ਵਰਗੇ ਲੱਛਣਾਂ ਨੂੰ ਹਲਕਾ ਸਮਝਣ ਨਾਲ ਬਿਮਾਰੀ ਅਖੀਰੀ ਦੌਰ ਤੱਕ ਪਹੁੰਚ ਜਾਂਦੀ ਹੈ, ਜਿਸ ਨਾਲ ਇਲਾਜ ਮੁਸ਼ਕਲ ਹੋ ਜਾਂਦਾ ਹੈ। ਡੱਬੀ ਟੀਬੀ ਤੋਂ ਬਚਾਅ ਲਈ ਅਪਣਾਓ ਇਹ ਉਪਾਅ ਬੱਚਿਆਂ ਨੂੰ ਜਨਮ ਤੋਂ ਇਕ ਮਹੀਨੇ ਦੇ ਅੰਦਰ ਬੀਸੀਜੀ ਟੀਕਾ ਲਗਵਾਉਣਾ ਚਾਹੀਦਾ ਹੈ। ਟੀਬੀ ਨਾਲ ਪੀੜਤ ਵਿਅਕਤੀ ਨੂੰ ਹੋਰ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਹੱਸਦੇ, ਛਿੱਕਦੇ ਜਾਂ ਖੰਘਦੇ ਸਮੇਂ ਮੂੰਹ ’ਤੇ ਰੁਮਾਲ ਰੱਖਣਾ ਚਾਹੀਦਾ ਹੈ। ਟੀਬੀ ਮਰੀਜ਼ ਨੂੰ ਮਿਲਣ ਸਮੇਂ ਸਰਜੀਕਲ ਮਾਸਕ ਜ਼ਰੂਰ ਪਹਿਨਣਾ ਚਾਹੀਦਾ ਹੈ। ਟੀਬੀ ਨਾਲ ਪੀੜਤ ਵਿਅਕਤੀ ਨੂੰ ਥਾਂ-ਥਾਂ ਥੁੱਕਣਾ ਨਹੀਂ ਚਾਹੀਦਾ। ਸਿਹਤਮੰਦ ਭੋਜਨ ਤੇ ਨਿਯਮਤ ਯੋਗ ਨਾਲ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ। ਹੱਥ ਸਾਫ਼ ਰੱਖੋ ਤੇ ਸਮੇਂ-ਸਮੇਂ ‘ਤੇ ਹੱਥ ਧੋਵੋ। ਜੇ ਟੀਬੀ ਦੇ ਕੋਈ ਲੱਛਣ ਨਜ਼ਰ ਆਉਣ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।