ਸੋਸ਼ਲ ਮੀਡੀਆ ’ਤੇ ਅਣਜਾਣ ਵਿਅਕਤੀਆਂ ਨਾਲ ਗੱਲਬਾਤ ਪੈ ਸਕਦੀ ਹੈ ਭਾਰੀ
ਸੋਸ਼ਲ ਮੀਡੀਆ 'ਤੇ ਅਣਜਾਣ ਵਿਅਕਤੀਆਂ ਨਾਲ ਗੱਲਬਾਤ ਪੈ ਸਕਦੀ ਹੈ ਭਾਰੀ
Publish Date: Sun, 04 Jan 2026 08:43 PM (IST)
Updated Date: Sun, 04 Jan 2026 08:44 PM (IST)
ਐੱਸਏਐੱਸ ਨਗਰ : ਸੋਸ਼ਲ ਮੀਡੀਆ ਦੇ ਇਸ ਦੌਰ ਵਿਚ ਜਿੱਥੇ ਲੋਕ ਨਵੇਂ ਦੋਸਤ ਬਣਾਉਂਦੇ ਹਨ, ਉੱਥੇ ਹੀ ਸਾਈਬਰ ਠੱਗਾਂ ਨੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਬਲੈਕਮੇਲ ਕਰਨ ਦਾ ਨਵਾਂ ਤਰੀਕਾ ਲੱਭ ਲਿਆ ਹੈ। ਅਜਿਹਾ ਹੀ ਇਕ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਦੁਕਾਨਦਾਰ ਨੂੰ ਸੋਸ਼ਲ ਮੀਡੀਆ ਰਾਹੀਂ ਦੋਸਤੀ ਦੇ ਜਾਲ ਵਿਚ ਫਸਾ ਕੇ ਉਸ ਦੀ ਅਸ਼ਲੀਲ ਵੀਡੀਓ ਬਣਾਈ ਗਈ ਅਤੇ ਫਿਰ ਉਸ ਪਾਸੋਂ ਪੈਸਿਆਂ ਦੀ ਮੰਗ ਕੀਤੀ ਗਈ।
ਫੇਸਬੁੱਕ ਤੋਂ ਸ਼ੁਰੂ ਹੋਈ ਦੋਸਤੀ ਨੇ ਲਿਆ ਖ਼ਤਰਨਾਕ ਮੋੜ : ਸ਼ਿਕਾਇਤਕਰਤਾ ਦਮਨਦੀਪ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਫੇਸਬੁੱਕ ’ਤੇ ਉਸ ਦੀ ਗੱਲਬਾਤ ਸੋਨਮ ਜੋਸ਼ੀ ਨਾਮ ਦੀ ਇੱਕ ਲੜਕੀ ਨਾਲ ਸ਼ੁਰੂ ਹੋਈ ਸੀ। ਹੌਲੀ-ਹੌਲੀ ਗੱਲਬਾਤ ਵਧਣ ’ਤੇ ਲੜਕੀ ਨੇ ਉਸ ਦਾ ਵਟਸਐਪ ਨੰਬਰ ਲੈ ਲਿਆ। ਇੱਕ ਰਾਤ ਲੜਕੀ ਨੇ ਅਚਾਨਕ ਵੀਡੀਓ ਕਾਲ ਕੀਤੀ ਅਤੇ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਦਮਨਦੀਪ ਨੇ ਜਦੋਂ ਵਿਰੋਧ ਕੀਤਾ ਅਤੇ ਕਾਲ ਕੱਟ ਦਿੱਤੀ, ਤਾਂ ਕੁਝ ਦੇਰ ਬਾਅਦ ਉਸ ਨੂੰ ਇੱਕ ਵੀਡੀਓ ਪ੍ਰਾਪਤ ਹੋਈ। ਇਹ ਵੀਡੀਓ ਉਸੇ ਵੀਡੀਓ ਕਾਲ ਦੀ ਐਡਿਟ ਕੀਤੀ ਹੋਈ ਨਿਊਡ ਰਿਕਾਰਡਿੰਗ ਸੀ।
95 ਹਜ਼ਾਰ ਦੀ ਮੰਗ; ਡਰ ਦੇ ਮਾਰੇ ਦਿੱਤੇ 35 ਹਜ਼ਾਰ ਰੁਪਏ : ਠੱਗਾਂ ਨੇ ਦਮਨਦੀਪ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ 95,000 ਰੁਪਏ ਨਾ ਦਿੱਤੇ ਤਾਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਜਾਵੇਗੀ ਅਤੇ ਉਸ ਦੇ ਸਾਰੇ ਸੰਪਰਕਾਂ (ਕੰਟੈਕਟ ਲਿਸਟ) ਨੂੰ ਭੇਜ ਦਿੱਤੀ ਜਾਵੇਗੀ। ਬਦਨਾਮੀ ਦੇ ਡਰ ਤੋਂ ਦਮਨਦੀਪ ਨੇ ਦਿੱਤੇ ਗਏ ਸਕੈਨਰ 'ਤੇ 35,000 ਰੁਪਏ ਟਰਾਂਸਫਰ ਕਰ ਦਿੱਤੇ ਪਰ ਇਸ ਦੇ ਬਾਵਜੂਦ ਵੀ ਠੱਗਾਂ ਦੀ ਮੰਗ ਘੱਟ ਨਹੀਂ ਹੋਈ ਅਤੇ ਉਹ ਲਗਾਤਾਰ ਹੋਰ ਪੈਸਿਆਂ ਲਈ ਦਬਾਅ ਬਣਾਉਣ ਲੱਗੇ।
ਸਟੇਟ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਮਾਮਲਾ ਦਰਜ : ਅਖੀਰ ਵਿਚ ਤੰਗ ਆ ਕੇ ਪੀੜਤ ਨੇ ਸਟੇਟ ਸਾਈਬਰ ਕਰਾਈਮ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੋਸ਼ਲ ਮੀਡੀਆ ’ਤੇ ਅਣਜਾਣ ਲੋਕਾਂ ਦੀਆਂ ਵੀਡੀਓ ਕਾਲਾਂ ਨੂੰ ਸਵੀਕਾਰ ਨਾ ਕਰਨ ਅਤੇ ਕਿਸੇ ਵੀ ਅਜਿਹੀ ਬਲੈਕਮੇਲਿੰਗ ਦਾ ਸ਼ਿਕਾਰ ਹੋਣ ’ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ।