ਚੇਤਨਾ ਪਰਖ ਪ੍ਰੀਖਿਆ ਵਿਚ ਟੈਗੋਰ ਸਕੂਲ ਦੀ ਝੰਡੀ
ਚੇਤਨਾ ਪਰਖ ਪ੍ਰੀਖਿਆ ਵਿਚ ਟੈਗੋਰ ਸਕੂਲ ਦੀ ਝੰਡੀ,
Publish Date: Sat, 28 Feb 2026 06:27 PM (IST)
Updated Date: Sat, 28 Feb 2026 06:28 PM (IST)
ਪਹਿਲੀ ਵਾਰ ਵਾਪਰੀ ਘਟਨਾ ਚਮਤਕਾਰ ਹੀ ਲਗਦੀ ਹੈ : ਪ੍ਰਿੰ: ਗੁਰਮੀਤ ਖਰੜ
ਮਹਿਰਾ, ਪੰਜਾਬੀ ਜਾਗਰਣ, ਖਰੜ : ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਇਸ ਸਾਲ ਲਈ ਗਈ 7ਵੀਂ ਚੇਤਨਾ ਪਰਖ ਪ੍ਰੀਖਿਆ ਵਿਚ ਜੇਤੂ ਰਹੇ ਟੈਗੋਰ ਨਿਕੇਤਨ ਮਾਡਲ ਹਾਈ ਸਕੂਲ ਖਰੜ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਸਮੇਂ ਪ੍ਰਿੰ: ਜਤਿੰਦਰ ਗੁਪਤਾ ਨੇ ਦੱਸਿਆ ਕਿ ਪੰਜਾਬ ਪੱਧਰ 'ਤੇ 9ਵੀਂ ਜਮਾਤ ਦੀ ਵਿਦਿਆਰਥਣ ਜੀਵਨ ਜੋਤ, ਜ਼ੋਨ ਪੱਧਰ ’ਤੇ 9ਵੀਂ ਵਿਚੋਂ ਨਵਦਿਸ਼ਾ, 7ਵੀਂ ਵਿਚੋਂ ਤਾਨਮੇ ਅਤੇ ਇਕਾਈ ਪੱਧਰ ’ਤੇ 8ਵੀਂ 'ਚੋਂ ਰਹਿਮਾਨ ਅਲੀ, 7ਵੀਂ 'ਚੋਂ ਕਾਵਿਆ ਅਤੇ 6ਵੀਂ 'ਚੋਂ ਮੋਹਿਤ ਅਤੇ ਆਯੂਸ਼ ਨੇ ਪਹਿਲੇ ਸਥਾਨ ਮੱਲੇ ਹਨ।
ਇਸ ਮੌਕੇ ਤਰਕਸ਼ੀਲ ਜ਼ੋਨ ਮੀਡੀਆ ਮੁਖੀ ਪ੍ਰਿੰ: ਖਰੜ ਗੁਰਮੀਤ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਦੇ ਅਜੋਕੇ ਯੁੱਗ ਵਿਚ ਸਾਡੇ ਮੂਹਰੇ ਇੰਨੀ ਜ਼ਿਆਦਾ ਜਾਣਕਾਰੀ ਪਰੋਸੀ ਜਾ ਰਹੀ ਹੈ ਕਿ ਸੱਚ ਅਤੇ ਝੂਠ ਬਾਰੇ ਫ਼ਰਕ ਕਰਨਾ ਮੁਸ਼ਕਲ ਹੋ ਗਿਆ ਹੈ ਪਰ ਵਿਗਿਆਨਕ ਨਜ਼ਰੀਆ ਉਹ ਟੂਲ ਹੈ, ਸੋ ਸੱਚ-ਝੂਠ ਦਾ ਨਿਤਾਰਾ ਕਰਨ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਚਮਤਕਾਰ ਵਰਗੀ ਕੋਈ ਚੀਜ਼ ਨਹੀਂ ਹੁੰਦੀ। ਦਰਅਸਲ ਪਹਿਲੀ ਵਾਰ ਵਾਪਰੀ ਕੋਈ ਘਟਨਾ ਸਾਡੇ ਦਿਮਾਗ ਵਿਚ ਚਮਤਕਾਰ ਹੋਣ ਦਾ ਭਰਮ ਪੈਦਾ ਕਰਦੀ ਹੈ, ਜਿਵੇਂ ਥਾਮਸ ਐਡੀਸਨ ਨੇ ਜਦੋਂ ਬਲੱਬ ਦੀ ਖੋਜ ਕੀਤੀ ਸੀ, ਉਦੋਂ ਵੀ ਲੋਕਾਂ ਨੂੰ ਇਹ ਚਮਤਕਾਰ ਹੀ ਲੱਗਿਆ ਹੋਵੇਗਾ ਪਰ ਜਦੋਂ ਇਹ ਰੋਜ਼ਮੱਰਾ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਤਾਂ ਛੋਟੇ ਬੱਚੇ ਵੀ ਇਸ ਨੂੰ ਆਮ ਵਰਤਾਰਾ ਸਮਝਣ ਲੱਗ ਪਏ।
ਇਕਾਈ ਖਰੜ ਦੇ ਜਥੇਬੰਦਕ ਮੁਖੀ ਕੁਲਵਿੰਦਰ ਨਗਾਰੀ ਨੇ ਦੱਸਿਆ ਕਿ ਇਸ ਵਾਰ ਦੀ ਤਰਕਸ਼ੀਲ ਚੇਤਨਾ ਪ੍ਰੀਖਿਆ ਗ਼ਦਰੀ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਸੀ। ਪੰਜਾਬ ਭਰ ਵਿਚੋਂ 30000 ਤੋਂ ਵੱਧ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਇਸ ਪ੍ਰੀਖਿਆ ਵਿਚ ਟੈਗੋਰ ਨਿਕੇਤਨ ਮਾਡਲ ਹਾਈ ਸਕੂਲ ਖਰੜ ਦੇ ਸੱਤ ਵਿਦਿਆਰਥੀਆਂ ਨੇ ਸੂਬਾ, ਜ਼ੋਨ ਅਤੇ ਇਕਾਈ ਪੱਧਰ 'ਤੇ ਪਹਿਲੇ ਸਥਾਨ ਪ੍ਰਾਪਤ ਕਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਤਰਕਸ਼ੀਲ ਸੁਸਾਇਟੀ ਵੱਲੋਂ ਸਰਟੀਫ਼ਿਕੇਟ ਅਤੇ ਵਿਗਿਆਨਕ ਨਜ਼ਰੀਏ ਵਾਲੀਆ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ।