ਸੁਖਪਾਲ ਖਹਿਰਾ ਦੀਆਂ ਵਧੀਆਂ ਮੁਸ਼ਕਲਾਂ: ਔਰਤਾਂ ਬਾਰੇ ਵਿਵਾਦਤ ਟਿੱਪਣੀ 'ਤੇ ਮਹਿਲਾ ਕਮਿਸ਼ਨ ਸਖ਼ਤ; ਰਾਜਾ ਵੜਿੰਗ ਵੀ ਤਲਬ
ਪੰਜਾਬ ਦੇ ਫਾਇਰਬ੍ਰਾਂਡ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ ਵਿੱਚ ਆ ਗਏ ਹਨ। ਮਹਿਲਾਵਾਂ ਨੂੰ ਦਿੱਤੀ ਜਾਣ ਵਾਲੀ 1000-1000 ਰੁਪਏ ਦੀ ਵਿੱਤੀ ਸਹਾਇਤਾ ਬਾਰੇ ਦਿੱਤੇ ਗਏ ਇੱਕ ਬਿਆਨ ਨੇ ਸਿਆਸੀ ਭੂਚਾਲ ਲਿਆ ਦਿੱਤਾ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸੁਖਪਾਲ ਖਹਿਰਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਤਲਬ ਕਰ ਲਿਆ ਹੈ।
Publish Date: Tue, 10 Mar 2026 12:42 PM (IST)
Updated Date: Tue, 10 Mar 2026 12:43 PM (IST)

ਚੰਡੀਗੜ੍ਹ: ਪੰਜਾਬ ਦੇ ਫਾਇਰਬ੍ਰਾਂਡ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ ਵਿੱਚ ਆ ਗਏ ਹਨ। ਮਹਿਲਾਵਾਂ ਨੂੰ ਦਿੱਤੀ ਜਾਣ ਵਾਲੀ 1000-1000 ਰੁਪਏ ਦੀ ਵਿੱਤੀ ਸਹਾਇਤਾ ਬਾਰੇ ਦਿੱਤੇ ਗਏ ਇੱਕ ਬਿਆਨ ਨੇ ਸਿਆਸੀ ਭੂਚਾਲ ਲਿਆ ਦਿੱਤਾ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸੁਖਪਾਲ ਖਹਿਰਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਤਲਬ ਕਰ ਲਿਆ ਹੈ।
ਸੁਖਪਾਲ ਖਹਿਰਾ ਨੇ ਪਿਛਲੇ ਦਿਨੀਂ ਮਹਿਲਾਵਾਂ ਨੂੰ ਮਿਲਣ ਵਾਲੇ 1000 ਰੁਪਏ ਦੇ ਭੱਤੇ ਸਬੰਧੀ ਇੱਕ ਟਿੱਪਣੀ ਕੀਤੀ ਸੀ, ਜਿਸ ਨੂੰ ਮਹਿਲਾ ਕਮਿਸ਼ਨ ਨੇ ਔਰਤਾਂ ਦਾ ਅਪਮਾਨ ਮੰਨਿਆ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਅਜਿਹੀ ਸ਼ਬਦਾਵਲੀ ਔਰਤਾਂ ਦੀ ਮਾਨ-ਮਰਿਆਦਾ ਨੂੰ ਸੱਟ ਮਾਰਦੀ ਹੈ। ਖ਼ਬਰਾਂ ਮੁਤਾਬਕ, ਇਹ ਟਿੱਪਣੀ ਰਾਜਾ ਵੜਿੰਗ ਦੀ ਮੌਜੂਦਗੀ ਵਿੱਚ ਕੀਤੀ ਗਈ ਸੀ, ਜਿਸ ਕਾਰਨ ਕਮਿਸ਼ਨ ਨੇ ਉਨ੍ਹਾਂ ਨੂੰ ਵੀ ਇਸ ਮਾਮਲੇ ਵਿੱਚ ਜ਼ਿੰਮੇਵਾਰ ਮੰਨਦਿਆਂ ਤਲਬ ਕੀਤਾ ਹੈ।
ਮਹਿਲਾ ਕਮਿਸ਼ਨ ਵੱਲੋਂ ਸੂ-ਮੋਟੋ ਨੋਟਿਸ
ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਘਟਨਾ ਦਾ ਸੂ-ਮੋਟੋ (Suo Moto) ਨੋਟਿਸ ਲਿਆ ਹੈ। ਕਮਿਸ਼ਨ ਦੀ ਚੇਅਰਪਰਸਨ ਨੇ ਸਪੱਸ਼ਟ ਕੀਤਾ ਹੈ ਕਿ ਸਿਆਸੀ ਲਾਹੇ ਲਈ ਔਰਤਾਂ ਖਿਲਾਫ ਭੱਦੀ ਸ਼ਬਦਾਵਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
12 ਮਾਰਚ ਨੂੰ ਪੇਸ਼ ਹੋਣ ਦੇ ਹੁਕਮ
ਐਸ.ਐਸ.ਪੀ. ਕਪੂਰਥਲਾ ਰਾਹੀਂ ਦੋਵਾਂ ਆਗੂਆਂ ਨੂੰ ਨੋਟਿਸ ਭੇਜ ਕੇ 12 ਮਾਰਚ ਨੂੰ ਮਹਿਲਾ ਕਮਿਸ਼ਨ ਦੇ ਦਫ਼ਤਰ ਵਿਖੇ ਨਿੱਜੀ ਤੌਰ 'ਤੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਕਮਿਸ਼ਨ ਇਸ ਮਾਮਲੇ ਵਿੱਚ ਖਹਿਰਾ ਤੋਂ ਉਨ੍ਹਾਂ ਦੇ ਬਿਆਨ ਬਾਰੇ ਜਵਾਬ ਮੰਗੇਗਾ ਅਤੇ ਰਾਜਾ ਵੜਿੰਗ ਤੋਂ ਪੁੱਛਿਆ ਜਾਵੇਗਾ ਕਿ ਉਨ੍ਹਾਂ ਨੇ ਅਜਿਹੀ ਟਿੱਪਣੀ 'ਤੇ ਰੋਕ ਕਿਉਂ ਨਹੀਂ ਲਗਾਈ।