ਸੁਖਬੀਰ ਸਿੰਘ ਬਾਦਲ ਨੇ ਪੰਜਾਬ ਬਜਟ ਨੂੰ ਦੱਸਿਆ 'ਝੂਠ ਦਾ ਪੁਲੰਦਾ'; ਨੌਜਵਾਨਾਂ ਤੇ ਮੁਲਾਜ਼ਮਾਂ ਦੇ ਹੱਥ ਖਾਲੀ; ਹਰ ਵਰਗ ਨਾਲ ਧੋਖਾ ਕਰਨ ਦੇ ਲਾਏ ਦੋਸ਼
ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਸਾਲ 2026-27 ਦੇ ਬਜਟ ਨੂੰ ਲੈ ਕੇ ਸਿਆਸੀ ਘਮਾਸਾਨ ਤੇਜ਼ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਬਜਟ ਨੂੰ ਅੰਕੜਿਆਂ ਦੀ ਜਾਦੂਗਰੀ ਅਤੇ 'ਝੂਠ ਦਾ ਪੁਲੰਦਾ' ਕਰਾਰ ਦਿੰਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਕਿਸਾਨਾਂ, ਨੌਜਵਾਨਾਂ, ਮੁਲਾਜ਼ਮਾਂ ਅਤੇ ਔਰਤਾਂ ਸਮੇਤ ਹਰ ਵਰਗ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ।
Publish Date: Sun, 08 Mar 2026 02:00 PM (IST)
Updated Date: Sun, 08 Mar 2026 03:28 PM (IST)

ਡਿਜੀਟਲ ਡੈਸਕ, ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਸਾਲ 2026-27 ਦੇ ਬਜਟ ਨੂੰ ਲੈ ਕੇ ਸਿਆਸੀ ਘਮਾਸਾਨ ਤੇਜ਼ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਬਜਟ ਨੂੰ ਅੰਕੜਿਆਂ ਦੀ ਜਾਦੂਗਰੀ ਅਤੇ 'ਝੂਠ ਦਾ ਪੁਲੰਦਾ' ਕਰਾਰ ਦਿੰਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਕਿਸਾਨਾਂ, ਨੌਜਵਾਨਾਂ, ਮੁਲਾਜ਼ਮਾਂ ਅਤੇ ਔਰਤਾਂ ਸਮੇਤ ਹਰ ਵਰਗ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ।
ਕਿਸਾਨਾਂ ਅਤੇ ਮੈਡੀਕਲ ਖੇਤਰ ਨਾਲ 'ਕੋਝਾ ਮਜ਼ਾਕ'
ਵਿਰੋਧੀ ਆਗੂਆਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਹੜ੍ਹਾਂ ਦਾ ਮੁਆਵਜ਼ਾ ਦੇਣ ਦੇ ਝੂਠੇ ਦਾਅਵੇ ਕਰ ਰਹੀ ਹੈ, ਜਦਕਿ ਹਕੀਕਤ ਵਿੱਚ ਕਿਸਾਨ 7 ਮਹੀਨਿਆਂ ਤੋਂ ਇੰਤਜ਼ਾਰ ਕਰ ਰਹੇ ਹਨ। ਫ਼ਸਲੀ ਵਿਭਿੰਨਤਾ ਲਈ ਰੱਖੀ ਗਈ 15 ਕਰੋੜ ਰੁਪਏ ਦੀ ਨਿਗੁਣੀ ਰਾਸ਼ੀ ਨੂੰ ਕਿਸਾਨਾਂ ਨਾਲ ਮਜ਼ਾਕ ਦੱਸਿਆ ਗਿਆ ਹੈ। ਇਸੇ ਤਰ੍ਹਾਂ, 7 ਨਵੇਂ ਮੈਡੀਕਲ ਕਾਲਜਾਂ ਦਾ ਐਲਾਨ ਤਾਂ ਕੀਤਾ ਗਿਆ, ਪਰ ਬਜਟ ਵਿੱਚ ਉਨ੍ਹਾਂ ਲਈ ਕੋਈ ਰਾਸ਼ੀ ਅਲਾਟ ਨਹੀਂ ਕੀਤੀ ਗਈ।
'ਰੰਗਲਾ ਪੰਜਾਬ ਸਕੀਮ' ਰਾਹੀਂ ਖ਼ਜ਼ਾਨੇ ਦੀ ਲੁੱਟ ਦਾ ਇਲਜ਼ਾਮ
ਬਜਟ ਵਿੱਚ ਪੇਸ਼ ਕੀਤੀ ਗਈ 'ਰੰਗਲਾ ਪੰਜਾਬ ਵਿਕਾਸ ਸਕੀਮ' 'ਤੇ ਸਵਾਲ ਚੁੱਕਦਿਆਂ ਵਿਰੋਧੀ ਧਿਰ ਨੇ ਕਿਹਾ ਕਿ 1,170 ਕਰੋੜ ਰੁਪਏ ਸਿੱਧੇ 'ਆਪ' ਵਿਧਾਇਕਾਂ ਦੇ ਹੱਥਾਂ ਵਿੱਚ ਦੇਣਾ ਸਰਕਾਰੀ ਖ਼ਜ਼ਾਨੇ ਦੀ ਸ਼ਰੇਆਮ ਲੁੱਟ ਹੈ। ਦੋਸ਼ ਲਾਇਆ ਗਿਆ ਹੈ ਕਿ ਇਸ ਪੈਸੇ ਦੀ ਵਰਤੋਂ ਸਿਆਸੀ ਹਿੱਤਾਂ ਲਈ ਕੀਤੀ ਜਾਵੇਗੀ ਨਾ ਕਿ ਜਨਤਕ ਵਿਕਾਸ ਲਈ।
ਮਹਿਲਾ ਦਿਵਸ 'ਤੇ ਔਰਤਾਂ ਨਾਲ ਵਾਅਦਾਖਿਲਾਫੀ
ਕੌਮਾਂਤਰੀ ਮਹਿਲਾ ਦਿਵਸ ਦੇ ਹਵਾਲੇ ਨਾਲ ਸਰਕਾਰ ਨੂੰ ਘੇਰਦਿਆਂ ਕਿਹਾ ਗਿਆ ਕਿ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਵਾਅਦਾ ਅਜੇ ਵੀ ਅਧੂਰਾ ਹੈ। ਵਿਰੋਧੀਆਂ ਅਨੁਸਾਰ, ਬਕਾਏ ਸਣੇ ਹਰ ਮਹਿਲਾ ਦੇ 48,000 ਰੁਪਏ ਬਣਦੇ ਹਨ, ਪਰ ਸਰਕਾਰ ਨੇ ਬਜਟ ਵਿੱਚ ਬਹੁਤ ਘੱਟ ਰਾਸ਼ੀ ਰੱਖ ਕੇ ਸਾਬਿਤ ਕਰ ਦਿੱਤਾ ਹੈ ਕਿ ਉਹ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਇਸ ਸਕੀਮ ਵਿੱਚੋਂ ਬਾਹਰ ਰੱਖਣਾ ਚਾਹੁੰਦੀ ਹੈ।
ਨੌਜਵਾਨ ਅਤੇ ਮੁਲਾਜ਼ਮ ਖਾਲੀ ਹੱਥ
ਬਜਟ ਦੀ ਆਲੋਚਨਾ ਕਰਦਿਆਂ ਕਿਹਾ ਗਿਆ ਕਿ:
ਬੇਰੁਜ਼ਗਾਰੀ ਭੱਤਾ: ਨੌਜਵਾਨਾਂ ਨੂੰ 3,000 ਰੁਪਏ ਮਹੀਨਾਵਾਰ ਭੱਤਾ ਦੇਣ ਦਾ ਵਾਅਦਾ ਸਿਰਫ਼ ਕਾਗਜ਼ਾਂ ਤੱਕ ਸੀਮਤ ਰਿਹਾ।
OPS (ਪੁਰਾਣੀ ਪੈਨਸ਼ਨ ਯੋਜਨਾ): ਸਰਕਾਰੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਯੋਜਨਾ ਲਾਗੂ ਕਰਨ ਲਈ ਬਜਟ ਵਿੱਚ ਕੋਈ ਵਿੱਤੀ ਪ੍ਰਬੰਧ ਨਹੀਂ ਦੇਖਿਆ ਗਿਆ।
ਸਿਹਤ ਬੀਮਾ: 10 ਲੱਖ ਰੁਪਏ ਦੀ ਸਿਹਤ ਸਕੀਮ ਲਈ ਰਾਖਵੇਂ 2,000 ਕਰੋੜ ਨੂੰ ਨਾਕਾਫ਼ੀ ਦੱਸਦਿਆਂ ਇਸ ਨੂੰ ਸਿਰਫ਼ ਇੱਕ 'ਸ਼ੋਸ਼ਾ' ਕਰਾਰ ਦਿੱਤਾ ਗਿਆ।
ਵਿਰੋਧੀ ਧਿਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਬਜਟ ਪੰਜਾਬ ਨੂੰ ਆਰਥਿਕ ਸੰਕਟ ਵੱਲ ਧੱਕਣ ਵਾਲਾ ਹੈ ਅਤੇ ਇਸ ਵਿੱਚ ਵਪਾਰ ਤੇ ਉਦਯੋਗ ਜਗਤ ਲਈ ਵੀ ਕੋਈ ਉਤਸ਼ਾਹਜਨਕ ਕਦਮ ਨਹੀਂ ਚੁੱਕਿਆ ਗਿਆ।