ਪੰਜਾਬ ਬਚਾਓ ਰੈਲੀ ਵਿਚ ਵਿਕਾਸ ਦਾ ਰੋਡਮੈਪ ਪੇਸ਼ ਕਰ ਰਹੇ ਸੁਖਬੀਰ ਬਾਦਲ : ਐੱਨਕੇ ਸ਼ਰਮਾ,

- ਵੱਡੀ ਗਿਣਤੀ ’ਚ ਲੋਕ ਹੋਰਨਾਂ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ ’ਚ ਹੋਏ ਸ਼ਾਮਲ
- ਹਲਕੇ ’ਚ ਰੈਲੀ ਲਈ ਹੰਡੇਸਰਾ ਸਰਕਲ ਤੋਂ ਸ਼ੁਰੂ ਕੀਤਾ ਪ੍ਰਚਾਰ
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ
ਲਾਲੜੂ : ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਸਾਬਕਾ ਵਿਧਾਇਕ ਐੱਨਕੇ ਸ਼ਰਮਾ ਨੇ ਕਿਹਾ ਹੈ ਕਿ ਅਕਾਲੀ ਦਲ ਦੀ ਕਹਿਣੀ ਅਤੇ ਕਰਨੀ ਇਕਸਾਰ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ‘ਪੰਜਾਬ ਬਚਾਓ ਰੈਲੀ’ ਦੌਰਾਨ ਕੀਤੇ ਗਏ ਐਲਾਨ ਹੀ ਅਕਾਲੀ ਦਲ ਦੀ ਆਉਣ ਵਾਲੀ ਸਰਕਾਰ ਦਾ ਰੋਡਮੈਪ ਹੈ। ਐੱਨਕੇ ਸ਼ਰਮਾ ਨੇ ਡੇਰਾਬੱਸੀ ਵਿਧਾਨ ਸਭਾ ਹਲਕੇ ਵਿਚ ਹੋਣ ਵਾਲੀ ਪੰਜਾਬ ਬਚਾਓ ਰੈਲੀ ਲਈ ਲੋਕਾਂ ਨੂੰ ਲਾਮਬੰਦ ਕਰਨ ਲਈ ਸੋਮਵਾਰ ਨੂੰ ਹੰਡੇਸਰਾ ਸਰਕਲ ਵਿਚ ਪ੍ਰਚਾਰ ਸ਼ੁਰੂ ਕੀਤਾ। ਸ਼ਰਮਾ ਨੇ ਖੇਲਣ, ਰਜ਼ਾਪੁਰ, ਮਾਲਣ, ਅੰਟਾਲਾ, ਸਾਰੰਗਪੁਰ, ਹੰਡੇਸਰਾ, ਨਗਲਾ, ਮੀਰਪੁਰ, ਬਰਟਾਣਾ ਅਤੇ ਹੋਰ ਪਿੰਡਾਂ ਵਿਚ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਮੁਹਿੰਮ ਦੌਰਾਨ ਵੱਡੀ ਗਿਣਤੀ ਵਿਚ ਲੋਕ ਹੋਰਨਾਂ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਏ।
ਉਨ੍ਹਾਂ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਐੱਨਕੇ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ‘ਪੰਜਾਬ ਬਚਾਓ ਰੈਲੀ’ ਨੂੰ ਭਾਰੀ ਜਨਤਕ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਹਰੇਕ ਹਲਕੇ ਲਈ ਐਲਾਨ ਕਰਕੇ ਅਕਾਲੀ ਦਲ ਦਾ ਰੋਡਮੈਪ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿਚ ਰੈਲੀਆਂ ਕਰਕੇ ਲੋਕਾਂ ਨੂੰ ਅਕਾਲੀ ਦਲ ਦੀਆਂ ਨੀਤੀਆਂ ਨਾਲ ਜੋੜਿਆ ਜਾਵੇਗਾ ਅਤੇ ਮੌਜੂਦਾ ਪੰਜਾਬ ਸਰਕਾਰ ਵਿਰੁੱਧ ਲਾਮਬੰਦ ਕੀਤਾ ਜਾਵੇਗਾ। ਐੱਨਕੇ ਸ਼ਰਮਾ ਨੇ ਕਿਹਾ ਕਿ ਡੇਰਾਬੱਸੀ ਹਲਕੇ ਦੇ ਲੋਕ ਮੌਜੂਦਾ ਸਰਕਾਰ ਤੋਂ ਬਹੁਤ ਤੰਗ ਆ ਚੁੱਕੇ ਹਨ। ਮੌਜੂਦਾ ਸਰਕਾਰ ਵਿਕਾਸ ਦੀ ਗੱਲ ਕਰਨ ਦੀ ਬਜਾਏ ਸਿਰਫ਼ ਡਰਾਮੇਬਾਜ਼ੀ ਕਰ ਰਹੀ ਹੈ। ਹਲਕੇ ਦੇ ਲੋਕ ਇਨ੍ਹਾਂ ਡਰਾਮੇਬਾਜ਼ੀਆਂ ਦਾ ਜਵਾਬ ਦੇਣ ਲਈ ਸਹੀ ਸਮੇਂ ਦੀ ਉਡੀਕ ਕਰ ਰਹੇ ਹਨ। ਐੱਨਕੇ ਸ਼ਰਮਾ ਨੇ ਲੋਕਾਂ ਨੂੰ ਸੁਖਬੀਰ ਸਿੰਘ ਬਾਦਲ ਦੀ ਰੈਲੀ ਵਿਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਰੈਲੀ ਰਾਹੀਂ ਡੇਰਾਬੱਸੀ ਵਿਚ ਵਿਕਾਸ ਦਾ ਰੋਡਮੈਪ ਪੇਸ਼ ਕੀਤਾ ਜਾਵੇਗਾ, ਜਿਸ ਨੂੰ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਲਾਗੂ ਕੀਤਾ ਜਾਵੇਗਾ। ਇਸ ਮੌਕੇ ਸਰਕਲ ਪ੍ਰਧਾਨ ਬ੍ਰਿਜੇਸ਼ ਰਾਣਾ, ਗੁਰਦੀਪ ਔਜਲਾ, ਮਹਿਕ ਪੂਨੀਆ, ਗੁਰਜੀਤ ਸਿੰਘ, ਬਲਵਿੰਦਰ ਸਿੰਘ, ਹਰਪਾਲ ਸਿੰਘ, ਓਪੀ ਸ਼ਰਮਾ ਹੰਡੇਸਰਾ, ਰਣਦੀਪ ਸਿੰਘ, ਅਨੁਜ ਰਾਣਾ, ਵਿਕਾਸ ਰਾਣਾ, ਲਖਨ ਸਿੰਘ, ਅਜੈਬ ਸਿੰਘ ਅੰਟਾਲਾ, ਅਜੈ ਸਿੰਘ, ਹਰਜਿੰਦਰ ਸਿੰਘ, ਰਵਿੰਦਰ ਸਿੰਘ ਅਤੇ ਵਰਿੰਦਰ ਸਮੇਤ ਕਈ ਪਤਵੰਤੇ ਹਾਜ਼ਰ ਸਨ।
ਫੋਟੋ ਕੈਪਸ਼ਨ : ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕਰਦੇ ਹੋਏ ਸਾਬਕਾ ਵਿਧਾਇਕ ਐੱਨਕੇ ਸ਼ਰਮਾ। 9ਪੀ