ਮੁਹਾਲੀ ਦੇ ਵਿਕਾਸ ਲਈ ਸੰਘਰਸ਼ ਜਾਰੀ ਰਹੇਗਾ : ਬਲਬੀਰ ਸਿੰਘ ਸਿੱਧੂ
ਮੁਹਾਲੀ ਦੇ ਵਿਕਾਸ ਲਈ ਸੰਘਰਸ਼ ਜਾਰੀ ਰਹੇਗਾ : ਬਲਬੀਰ ਸਿੰਘ ਸਿੱਧੂ
Publish Date: Mon, 01 Jun 2026 08:45 PM (IST)
Updated Date: Mon, 01 Jun 2026 09:13 PM (IST)

- ਚੁਣੇ ਗਏ ਕੌਂਸਲਰਾਂ ਅਤੇ ਸਾਬਕਾ ਕੌਂਸਲਰਾਂ ਨਾਲ ਕੀਤੀ ਬੈਠਕ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਮੁਹਾਲੀ : ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਾਂਗਰਸ ਪਾਰਟੀ ਦੇ ਮੁਹਾਲੀ ਵਿਖੇ ਨਵੇਂ ਚੁਣੇ ਗਏ ਅਤੇ ਸਾਬਕਾ ਨਗਰ ਨਿਗਮ ਕੌਂਸਲਰਾਂ ਦੇ ਨਾਲ-ਨਾਲ ਨਗਰ ਨਿਗਮ ਚੋਣਾਂ ਲੜਨ ਵਾਲੇ ਸਾਰੇ ਕਾਂਗਰਸੀ ਉਮੀਦਵਾਰਾਂ ਨਾਲ ਚਾਹ ’ਤੇ ਇਕ ਵਿਸ਼ੇਸ਼ ਮਿਲਣੀ ਦੌਰਾਨ ਵਿਚਾਰ-ਵਟਾਂਦਰਾ ਕੀਤਾ। ਬੈਠਕ ਦਾ ਮਕਸਦ ਪਾਰਟੀ ਨੂੰ ਹੋਰ ਮਜ਼ਬੂਤ ਕਰਨਾ, ਲੋਕਾਂ ਦੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣਾ ਅਤੇ ਮੁਹਾਲੀ ਦੇ ਵਿਕਾਸ ਲਈ ਰਣਨੀਤੀ ਤਿਆਰ ਕਰਨਾ ਸੀ। ਇਸ ਮੌਕੇ ਬਲਬੀਰ ਸਿੰਘ ਸਿੱਧੂ ਨੇ ਨਗਰ ਨਿਗਮ ਚੋਣਾਂ ਵਿਚ ਜਿੱਤ ਹਾਸਲ ਕਰਨ ਵਾਲੇ ਕਾਂਗਰਸੀ ਉਮੀਦਵਾਰਾਂ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਦਿੱਤਾ ਗਿਆ ਇਹ ਫ਼ਤਵਾ ਉਨ੍ਹਾਂ ਪ੍ਰਤੀ ਭਰੋਸੇ ਅਤੇ ਉਨ੍ਹਾਂ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਲੋਕ ਸੇਵਾ ਦਾ ਨਤੀਜਾ ਹੈ। ਉਨ੍ਹਾਂ ਸਾਬਕਾ ਕੌਂਸਲਰਾਂ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਹਮੇਸ਼ਾ ਲੋਕ ਹਿੱਤਾਂ ਲਈ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਸਿੱਧੂ ਨੇ ਖ਼ਾਸ ਤੌਰ ’ਤੇ ਉਨ੍ਹਾਂ ਕਾਂਗਰਸੀ ਉਮੀਦਵਾਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ, ਜਿਨ੍ਹਾਂ ਨੇ ਨਗਰ ਨਿਗਮ ਚੋਣਾਂ ਵਿਚ ਸੱਤਾਧਾਰੀ ਧਿਰ ਦੇ ਦਬਾਅ, ਸਰਕਾਰੀ ਦਖ਼ਲਅੰਦਾਜ਼ੀ ਅਤੇ ਅਨੇਕਾਂ ਚੁਣੌਤੀਆਂ ਦੇ ਬਾਵਜੂਦ ਡਟ ਕੇ ਮੁਕਾਬਲਾ ਕੀਤਾ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਵਿਕਾਸ ਨਾਲ ਜੁੜੇ ਕਈ ਮਹੱਤਵਪੂਰਨ ਮੁੱਦੇ ਅੱਜ ਵੀ ਅਧੂਰੇ ਪਏ ਹਨ। ਸਿੱਧੂ ਨੇ ਕੌਂਸਲਰਾਂ ਅਤੇ ਪਾਰਟੀ ਆਗੂਆਂ ਨੂੰ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਕਿਹਾ। ਇਸ ਮੌਕੇ ਸਾਬਕਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸਾਬਕਾ ਡਿਪਟੀ ਮੇਅਰ ਅਮਰੀਕ ਸਿੰਘ ਸੋਹਲ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ----- - ਨਗਰ ਨਿਗਮ ਚੋਣਾਂ ਤੋਂ ਬਾਅਦ ਕਾਂਗਰਸ ਦੀ ਧੜੇਬੰਦੀ ਆਈ ਖੁੱਲ੍ਹ ਕੇ ਸਾਹਮਣੇ ਨਗਰ ਨਿਗਮ ਚੋਣਾਂ ਤੋਂ ਬਾਅਦ ਕਾਂਗਰਸ ਦੀ ਧੜੇਬੰਦੀ ਖੁੱਲ ਕੇ ਸਾਹਮਣੇ ਆਈ ਹੈ ਕਿਉਂਕਿ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਨਵੇਂ ਚੁਣੇ ਗਏ ਕੌਂਸਲਰਾਂ ਅਤੇ ਸਾਬਕਾ ਕੌਂਸਲਰਾਂ ਦਾ ਨਾਲ ਬੈਠਕ ਕੀਤੀ ਪਰ ਇਸ ਬੈਠਕ ਵਿਚ ਨਵੇਂ ਚੁਣੇ ਗਏ ਚਾਰ ਕੌਂਸਲਰ ਗ਼ੈਰ ਹਾਜ਼ਰ ਰਹੇ, ਜਿਨ੍ਹਾਂ ਵਿਚ ਵਾਰਡ ਨੰ. 15 ਤੋਂ ਜਤਿੰਦਰ ਕੌਰ, ਵਾਰਡ ਨੰ. 18 ਤੋਂ ਨਰਪਿੰਦਰ ਰੰਗੀ, ਵਾਰਡ ਨੰ. 20 ਤੋਂ ਗੌਰਵ ਜੈਨ ਅਤੇ ਵਾਰਡ ਨੰ. 21 ਤੋਂ ਰਾਜ ਰਾਣੀ ਜੈਨ ਹਨ। ਇਨ੍ਹਾਂ ਕੌਂਸਲਰਾਂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਅੱਜ ਦੀ ਬੈਠਕ ਦਾ ਉਨ੍ਹਾਂ ਨੂੰ ਕੋਈ ਵੀ ਸੱਦਾ ਪੱਤਰ ਨਹੀਂ ਸੀ। ਗੱਲ ਕਰਨ ’ਤੇ ਨਰਪਿੰਦਰ ਰੰਗੀ ਨੇ ਕਿਹਾ ਕਿ ਇਹ ਕਿਸੇ ਦੀ ਨਿੱਜੀ ਬੈਠਕ ਹੋ ਸਕਦੀ ਹੈ ਪਰ ਕਾਂਗਰਸ ਹਾਈਕਮਾਂਡ ਵੱਲੋਂ ਕੋਈ ਵੀ ਇਹੋ ਜਿਹੀ ਬੈਠਕ ਨਹੀਂ ਸੱਦੀ ਗਈ ਸੀ।