ਪੇਡ ਪਾਰਕਿੰਗ ਥਾਵਾਂ ’ਤੇ ਸਖ਼ਤੀ, ਕਿਸੇ ਵੀ ਵਾਹਨ ਨੂੰ ਨਹੀਂ ਮਿਲੇਗਾ ਮੁਫ਼ਤ ਦਾਖ਼ਲਾ
ਪੇਡ ਪਾਰਕਿੰਗ ਥਾਵਾਂ ’ਤੇ ਸਖ਼ਤੀ, ਕਿਸੇ ਵੀ ਵਾਹਨ ਨੂੰ ਨਹੀਂ ਮਿਲੇਗਾ ਮੁਫ਼ਤ ਦਾਖ਼ਲਾ
Publish Date: Sat, 14 Feb 2026 08:24 PM (IST)
Updated Date: Sat, 14 Feb 2026 08:27 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਨਗਰ ਨਿਗਮ ਨੇ ਸ਼ਹਿਰ ਦੇ ਸਾਰੇ ਪੇਡ ਪਾਰਕਿੰਗ ਸਥਾਨਾਂ ’ਤੇ ਪਾਰਦਰਸ਼ਤਾ ਅਤੇ ਇਕਸਾਰਤਾ ਯਕੀਨੀ ਬਣਾਉਣ ਲਈ ਸਖ਼ਤ ਹੁਕਮ ਜਾਰੀ ਕੀਤੇ ਹਨ। ਕਮਿਸ਼ਨਰ ਅਮਿਤ ਕੁਮਾਰ ਨੇ ਸਪੱਸ਼ਟ ਕੀਤਾ ਹੈ ਕਿ ਨਿਗਮ ਦੇ ਅਧੀਨ ਆਉਣ ਵਾਲੇ ਕਿਸੇ ਵੀ ਪੇਡ ਪਾਰਕਿੰਗ ਸਥਾਨ ’ਤੇ ਕਿਸੇ ਵੀ ਵਾਹਨ ਇੱਥੋਂ ਤੱਕ ਕਿ ਇਲੈਕਟ੍ਰਿਕ ਵਾਹਨਾਂ ਨੂੰ ਵੀ ਫੀਸ ਵਿਚ ਕੋਈ ਛੋਟ ਨਹੀਂ ਦਿੱਤੀ ਜਾਵੇਗੀ। ਕਮਿਸ਼ਨਰ ਨੇ ਕਿਹਾ ਕਿ 15 ਮਿੰਟ ਮੁਫ਼ਤ ਪਾਰਕਿੰਗ ਵਰਗੀ ਕੋਈ ਵੀ ਵਿਵਸਥਾ ਲਾਗੂ ਨਹੀਂ ਹੈ। ਪੇਡ ਪਾਰਕਿੰਗ ਖੇਤਰ ਵਿਚ ਦਾਖ਼ਲ ਹੋਣ ਵਾਲੇ ਹਰ ਵਾਹਨ ਲਈ ਨਿਰਧਾਰਤ ਫੀਸ ਦੇਣਾ ਲਾਜ਼ਮੀ ਹੋਵੇਗਾ ਅਤੇ ਇਸ ਵਿਚ ਕਿਸੇ ਵੀ ਕਿਸਮ ਦਾ ਵਿਵਾਦ ਮਨਜ਼ੂਰ ਨਹੀਂ ਕੀਤਾ ਜਾਵੇਗਾ। ਸ਼ਨਿੱਚਰਵਾਰ ਨੂੰ ਸੈਕਟਰ-ਸੱਤ ਵਿਚ ਸਥਿਤ ਪੇਡ ਪਾਰਕਿੰਗ ਦਾ ਅਚਾਨਕ ਨਿਰੀਖਣ ਕਰਦੇ ਹੋਏ ਕਮਿਸ਼ਨਰ ਨੇ ਮੌਕੇ ’ਤੇ ਪ੍ਰਬੰਧਾਂ ਅਤੇ ਤੈਨਾਤ ਕਰਮਚਾਰੀਆਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ। ਨਿਰੀਖਣ ਦੌਰਾਨ ਪਾਇਆ ਗਿਆ ਕਿ ਦੋ ਵਾਹਨਾਂ ਨੂੰ ਬਿਨਾਂ ਪਾਰਕਿੰਗ ਸਲਿਪ ਜਾਂ ਵੈਧ ਪਾਸ ਦੇ ਬਾਹਰ ਜਾਣ ਦੀ ਆਗਿਆ ਦੇ ਦਿੱਤੀ ਗਈ। ਇਸ ਲਾਪਰਵਾਹੀ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਕਾਰਜਕਾਰੀ ਇੰਜੀਨੀਅਰ ਨੂੰ ਤੁਰੰਤ ਪ੍ਰਭਾਵ ਨਾਲ ਸਬੰਧਤ ਕਰਮਚਾਰੀਆਂ ਦੀ ਡਿਊਟੀ ਬਦਲਣ ਦੇ ਹੁਕਮ ਜਾਰੀ ਕੀਤੇ ਗਏ। ਕਮਿਸ਼ਨਰ ਨੇ ਜ਼ੀਰੋ ਟਾਲਰੈਂਸ ਨੀਤੀ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਡਿਲਿਵਰੀ ਸੇਵਾਵਾਂ ਨਾਲ ਜੁੜੇ ਵਾਹਨ, ਜਿਵੇਂ ਸਵਿਗੀ , ਜ਼ੋਮੈਟੋ ਜਾਂ ਕਿਸੇ ਹੋਰ ਪਲੇਟਫਾਰਮ ਦੇ ਵਾਹਨ ਵੀ ਬਿਨਾਂ ਫੀਸ ਦਿੱਤੇ ਦਾਖ਼ਲ ਜਾਂ ਨਿਕਾਸ ਨਹੀਂ ਕਰ ਸਕਣਗੇ। ਰੋਡ ਡਿਵੀਜ਼ਨ ਨੰਬਰ 1, 2 ਅਤੇ 3 ਦੇ ਕਾਰਜਕਾਰੀ ਇੰਜੀਨੀਅਰਾਂ ਨੂੰ ਆਪਣੇ-ਆਪਣੇ ਖੇਤਰਾਂ ਵਿਚ ਤੈਨਾਤ ਪਾਰਕਿੰਗ ਕਰਮਚਾਰੀਆਂ ਤੋਂ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਆਦੇਸ਼ ਜਾਰੀ ਕੀਤੇ ਗਏ ਹਨ। ਕਿਸੇ ਵੀ ਤਰ੍ਹਾਂ ਦੀ ਉਲੰਘਣਾ ’ਤੇ ਸਖ਼ਤ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ।