ਆਵਾਰਾ ਕੁੱਤਿਆਂ ਨੇ 2 ਬਜ਼ੁਰਗਾਂ ਸਮੇਤ 5 ਜਣਿਆਂ ਨੂੰ ਵੱਢਿਆ
ਲਾਵਾਰਿਸ ਕੁੱਤਿਆਂ ਨੇ 2 ਬਜ਼ੁਰਗਾਂ ਸਮੇਤ 5 ਜਣਿਆਂ ਨੂੰ ਵੱਢਿਆ
Publish Date: Mon, 02 Feb 2026 06:11 PM (IST)
Updated Date: Mon, 02 Feb 2026 06:13 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਡੇਰਾਬੱਸੀ ਖੇਤਰ ਦੇ ਲੋਕਾਂ ਨੂੰ ਆਵਾਰਾ ਕੁੱਤਿਆਂ ਤੋਂ ਛੁਟਕਾਰਾ ਦਿਵਾਉਣ ’ਚ ਡੇਰਾਬੱਸੀ ਪ੍ਰਸ਼ਾਸਨ ਨਾਕਾਮ ਸਾਬਿਤ ਹੋ ਰਿਹਾ ਹੈ। ਇਸ ਦਾ ਖ਼ਮਿਆਜ਼ਾ ਬਜ਼ੁਰਗਾਂ ਸਮੇਤ ਆਮ ਸ਼ਹਿਰ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਬੰਧੀ ਸ਼ਿਕਾਇਤ ਕਰਨ ’ਤੇ ਵੀ ਨਗਰ ਕੰਸਲ ਅਧਿਕਾਰੀ ਕੋਈ ਕਦਮ ਨਹੀਂ ਚੁੱਕਦੇ ਅਤੇ ਇਕੋ ਕੁੱਤਾ ਕਈ ਲੋਕਾਂ ਨੂੰ ਵੱਢ ਕੇ ਜ਼ਖ਼ਮੀ ਕਰ ਰਿਹਾ ਹੈ। ਅਜਿਹਾ ਮਾਮਲਾ ਰਾਮਲੀਲਾ ਗਰਾਊਂਡ ਨੇੜੇ ਬਾਜ਼ਾਰ ਨੂੰ ਜਾਂਦੀ ਗਲੀ ਅਤੇ ਸਬਜ਼ੀ ਮੰਡੀ ਨੇੜੇ ਸਾਹਮਣੇ ਆਇਆ ਹੈ। ਇੱਥੇ ਇਕੋ ਦਿਨ ’ਚ ਇਕ ਕੁੱਤੇ ਵੱਲੋਂ 5 ਜਣਿਆਂ ਨੂੰ ਵੱਢ ਕੇ ਜ਼ਖ਼ਮੀ ਕਰ ਦਿੱਤਾ ਗਿਆ, ਜੋ ਜ਼ੇਰੇ ਇਲਾਜ ਹਨ। ਇਸ ਨੂੰ ਲੈ ਕੇ ਲੋਕਾਂ ਨੇ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਉਕਤ ਕੁੱਤਾ ਅਜੇ ਵੀ ਖੁੱਲ੍ਹੇਆਮ ਘੁੰਮ ਰਿਹਾ ਹੈ ਅਤੇ ਇਸ ਸਬੰਧੀ ਲੋਕਾਂ ’ਚ ਦਹਿਸ਼ਤ ਫੈਲੀ ਹੋਈ ਹੈ। ਇਕ ਬਜ਼ੁਰਗ ਨੇ ਕਿਹਾ ਕਿ ਉਹ ਸੀਐੱਸਸੀ ਸੈਂਟਰ ਵਿਖੇ 10 ਲੱਖ ਦਾ ਮੁਫ਼ਤ ਸਿਹਤ ਬੀਮਾ ਕਾਰਡ ਬਣਵਾਉਣ ਆਇਆ ਸੀ, ਜਿਸ ਦੌਰਾਨ ਉਨ੍ਹਾਂ ਨੂੰ ਕੁੱਤੇ ਨੇ ਵੱਢ ਕੇ ਜ਼ਖ਼ਮੀ ਕਰ ਦਿੱਤਾ। ਇਸੇ ਤਰ੍ਹਾਂ ਇਕ ਹੋਰ ਬਜ਼ੁਰਗ ਉੱਥੋਂ ਨਿਕਲ ਰਿਹਾ ਸੀ ਕਿ ਉਨ੍ਹਾਂ ਨੂੰ ਵੀ ਕੁੱਤੇ ਨੇ ਵੱਢ ਲਿਆ। ਇਸੇ ਤਰ੍ਹਾਂ ਦੋ ਜਣੇ ਸਬਜ਼ੀ ਮੰਡੀ ਚ ਜਾ ਰਹੇ ਸਨ, ਜਿਨ੍ਹਾਂ ਨੂੰ ਕੁੱਤੇ ਨੇ ਵੱਢ ਕੇ ਜ਼ਖ਼ਮੀ ਕਰ ਦਿੱਤਾ। ਸੀਐੱਸਸੀ ਸੈਂਟਰ ਦੇ ਇੰਚਾਰਜ ਵਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਹ ਕੁੱਤਾ ਗਲੀ ਚ ਘੁੰਮ ਰਿਹਾ ਹੈ, ਜਿਸ ਕਾਰਨ ਲੋਕ ਗਲੀ ਚੋਂ ਨਿਕਲ ਦੀ ਥਾਂ ਰਾਹ ਬਦਲ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਕੁੱਤੇ ਬਾਰੇ ਜਾਣਕਾਰੀ ਨਹੀਂ ਹੈ, ਉਹ ਗਲੀ ’ਚੋਂ ਨਿਕਲਦੇ ਹੋਏ ਕੁੱਤੇ ਦਾ ਸ਼ਿਕਾਰ ਬਣ ਰਹੇ ਹਨ। ਕਈ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਕੁੱਤੇ ਨੇ ਆਪਣਾ ਸ਼ਿਕਾਰ ਬਣਾਇਆ ਹੈ, ਪਰ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮੁਹੱਲਾ ਵਾਸੀਆਂ ਨੇ ਕਿਹਾ ਕਿ 24 ਘੰਟੇ ਬੀਤਣ ਮਗਰੋਂ ਖੇਤਰ ਚ ਦਹਿਸ਼ਤ ਦਾ ਮਾਹੌਲ ਹੈ, ਪਰ ਕੁੱਤੇ ਦੀ ਸ਼ਿਕਾਇਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਰਨ ’ਤੇ ਵੀ ਉਨ੍ਹਾਂ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ।