ਸ੍ਰੀ ਗੁਰੂ ਨਾਨਕ ਜੀਪ ਯੂਨੀਅਨ ਨੇ ਧਾਰਮਿਕ ਸਮਾਗਮ ਕਰਵਾਇਆ
ਸ੍ਰੀ ਗੁਰੂ ਨਾਨਕ ਜੀਪ ਯੂਨੀਅਨ ਵੱਲੋਂ ਧਾਰਮਿਕ ਸਮਾਗਮ ਦਾ ਆਯੋਜਨ,
Publish Date: Mon, 06 Apr 2026 05:31 PM (IST)
Updated Date: Mon, 06 Apr 2026 05:34 PM (IST)

- ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਭਰੀ ਹਾਜ਼ਰੀ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਡੇਰਾਬੱਸੀ ਵਿਖੇ ਸ੍ਰੀ ਗੁਰੂ ਨਾਨਕ ਜੀਪ ਯੂਨੀਅਨ ਵੱਲੋਂ ਯੂਨੀਅਨ ਦੀ ਸੁੱਖ-ਸ਼ਾਂਤੀ, ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਸ਼ਰਧਾ ਭਾਵਨਾ ਨਾਲ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਪਵਿੱਤਰ ਸਮਾਗਮ ਦੌਰਾਨ ਰਸਭਰੀ ਗੁਰਬਾਣੀ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ ਅਤੇ ਸਾਰਾ ਮਾਹੌਲ ਭਗਤੀਮਈ ਬਣਿਆ ਰਿਹਾ। ਇਸ ਮੌਕੇ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਹਾਜ਼ਰੀ ਭਰੀ ਅਤੇ ਸੰਗਤ ਨਾਲ ਗੁਰੂ ਘਰ ਦੀਆਂ ਖੁਸ਼ੀਆਂ ਵਿਚ ਸਾਂਝ ਪਾਈ। ਉਨ੍ਹਾਂ ਨੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਯੂਨੀਅਨ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਉਪਰਾਲੇ ਸਮਾਜ ਵਿਚ ਪਿਆਰ, ਭਾਈਚਾਰੇ ਅਤੇ ਏਕਤਾ ਨੂੰ ਹੋਰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਯੂਨੀਅਨ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਦੀ ਸੁੱਖ-ਸ਼ਾਂਤੀ ਅਤੇ ਤਰੱਕੀ ਲਈ ਗੁਰੂ ਘਰ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਉਹ ਖ਼ੁਦ ਵੀ ਕਾਫ਼ੀ ਸਮੇਂ ਤੱਕ ਯੂਨੀਅਨ ਨਾਲ ਜੁੜੇ ਰਹੇ ਹਨ ਅਤੇ ਹਮੇਸ਼ਾ ਮੈਂਬਰਾਂ ਦੀ ਭਲਾਈ ਲਈ ਵਚਨਬੱਧ ਰਹੇ ਹਨ। ਵਿਧਾਇਕ ਰੰਧਾਵਾ ਨੇ ਕਿਹਾ ਕਿ ਪੰਜਾਬ ਦੀ ਰੂਹ ਗੁਰੂ ਸਾਹਿਬਾਨ ਦੀ ਸਿੱਖਿਆ ਵਿਚ ਵੱਸਦੀ ਹੈ ਅਤੇ ਅਜਿਹੇ ਸਮਾਗਮ ਸਾਨੂੰ ਸੇਵਾ, ਨਿਮਰਤਾ ਅਤੇ ਇਕੱਠੇ ਰਹਿਣ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਨੇ ਸਮੂਹ ਸੰਗਤ ਦੀ ਚੜ੍ਹਦੀ ਕਲਾ ਅਤੇ ਖੁਸ਼ਹਾਲੀ ਲਈ ਅਰਦਾਸ ਵੀ ਕੀਤੀ। ਇਸ ਮੌਕੇ ਸ੍ਰੀ ਗੁਰੂ ਨਾਨਕ ਜੀਪ ਯੂਨੀਅਨ ਦੇ ਪ੍ਰਧਾਨ, ਮੈਂਬਰ ਅਤੇ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਰਹੀ, ਜਿਨ੍ਹਾਂ ਨੇ ਸ਼ਰਧਾ ਨਾਲ ਸਮਾਗਮ ਵਿਚ ਹਿੱਸਾ ਲਿਆ।