ਪੀਐੱਸਈਬੀ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਸਿੱਖਿਆ ਬੋਰਡ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ
Publish Date: Mon, 02 Feb 2026 06:28 PM (IST)
Updated Date: Mon, 02 Feb 2026 06:31 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਗੁਰਮਤਿ ਵਿਚਾਰ ਸਭਾ ਵੱਲੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ਼ਨਿਚਰਵਾਰ ਤੋਂ ਆਰੰਭੇ ਗਏੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਪਾਵਨ ਮੌਕੇ ਭਾਈ ਹਰਪ੍ਰੀਤ ਸਿੰਘ ਦੋਧਰ ਮੋਗੇ ਵਾਲੇ, ਭਾਈ ਸਤਿੰਦਰਬੀਰ ਸਿੰਘ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸ਼ਬਦ ਕੀਰਤਨ ਅਤੇ ਗਿਆਨੀ ਜਸਵੰਤ ਸਿੰਘ ਪਰਵਾਨਾ ਕਥਾਵਾਚਕ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਕਥਾ ਪ੍ਰਚਾਰ ਕੀਤਾ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਚੇਅਰਮੈਨ ਡਾ. ਅਮਰਪਾਲ ਸਿੰਘ ਆਈਏਐੱਸ ਸੇਵਾਮੁਕਤ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰੇ ਬ੍ਰਹਿਮੰਡ ਦਾ ਸਰਬ-ਉੱਚ ਗਿਆਨ ਹਨ ਅਤੇ ਮਨੁੱਖ ਦਾ ਕੋਈ ਵੀ ਵਿਚਾਰ ਉਸ ਅਪਾਰ ਗਿਆਨ ਅੱਗੇ ਨਿਮਾਣਾ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਇਹ ਦਿਨ ਸ਼ੁਕਰਾਨੇ ਦਾ ਹੈ ਅਤੇ ਸੰਗਤ ਨੂੰ ਅਪੀਲ ਕੀਤੀ ਕਿ ਹਰ ਕੋਈ ਆਪਣੇ ਮਨ ਵਿਚ ਸ਼ੁਕਰਾਨਾ ਅਦਾ ਕਰੇ। ਮਾਤਾ ਗੁਜਰੀ ਜੀ ਦੀ ਮਹਾਨਤਾ ਨੂੰ ਨਮਨ ਕਰਦਿਆਂ ਕਿਹਾ ਕਿ ਉਹ ਧੰਨ ਹਨ, ਜਿਨ੍ਹਾਂ ਦੇ ਆਸ਼ੀਰਵਾਦ ਨਾਲ ਖ਼ਾਲਸੇ ਦੀ ਸਥਾਪਨਾ ਹੋਈ ਅਤੇ ਗੁਰੂ ਸਾਹਿਬ ਸਿਰਫ਼ ਸਿੱਖ ਕੌਮ ਨੂੰ ਹੀ ਨਹੀਂ, ਸਗੋਂ ਪੂਰੀ ਮਨੁੱਖਤਾ ਨੂੰ ਦਿਖਾਏ ਰਾਹ ’ਤੇ ਚੱਲਣ ਦੀ ਸ਼ਕਤੀ ਬਖ਼ਸ਼ ਰਹੇ ਹਨ, ਕਿਉਂਕਿ ਕਲਯੁੱਗ ਦੇ ਸਮੇਂ ਵਿਚ ਸਹੀ ਰਾਹ ’ਤੇ ਟਿਕੇ ਰਹਿਣਾ ਬਹੁਤ ਮੁਸ਼ਕਿਲ ਹੈ। ਇਸ ਮੌਕੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦਿਲੋਂ ਕੋਟਿ-ਕੋਟਿ ਨਮਨ ਕਰਦਿਆਂ ਸੰਗਤ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਵੱਡਾ ਸੁਭਾਗ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਆਪਣੇ ਸ਼ਬਦ-ਵਿਚਾਰ ਨਾਲ ਜੋੜਿਆ ਹੈ।