ਪੱਤਰਕਾਰ ਦਵਿੰਦਰ ਸਿੰਘ ਨੇ ਐਂਕਰ ਵਜੋਂ ਬਣਾਈ ਸੀ ਪਛਾਣ
ਭੋਗ ’ਤੇ ਵਿਸ਼ੇਸ਼ :
Publish Date: Mon, 16 Feb 2026 08:12 PM (IST)
Updated Date: Mon, 16 Feb 2026 08:15 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਹੱਸਦਾ ਖੇਡਦਾ ਤੇ ਪੂਰੀ ਲਗਨ ਨਾਲ ਆਪਣੇ ਕੰਮ ਵਿਚ ਤਨਦੇਹੀ ਨਾਲ ਜੁਟੇ ਹੱਕ ਸੱਚ ਦੀ ਆਵਾਜ਼ ਪੱਤਰਕਾਰ ਦਵਿੰਦਰ ਸਿੰਘ ਸ਼ਮਸ਼ਪੁਰ ਨੂੰ ਚੇਤੇ ਵੀ ਨਹੀਂ ਹੋਣਾ ਕਿ ਹੋਣੀ ਨੇ ਉਸ ਨਾਲ ਬੜੀ ਛੇਤੀ ਹੀ ਖੇਡ ਵਰਤਾ ਦੇਣੀ ਹੈ, ਜਿਥੋਂ ਕੋਈ ਵਾਪਸ ਨਹੀਂ ਆਉਂਦਾ। ਇਸ ਰੰਗਲੇ ਸੱਜਣ ਦੇ ਛੋਟੇ ਜਿਹੇ ਜੀਵਨ ਬਾਰੇ ਲਿਖਣ ਲਈ ਸ਼ਬਦ ਵੀ ਨਹੀਂ ਸੁਝ ਰਹੇ। ਸਮਰਾਲਾ ਨੇੜਲੇ ਪਿੰਡ ਸ਼ਮਸਪੁਰ ਵਿਚ ਪਿਤਾ ਬਲਕਾਰ ਸਿੰਘ ਤੇ ਮਾਤਾ ਜਸਪਾਲ ਕੌਰ ਦੇ ਘਰ ਜਨਮੇ 31 ਸਾਲਾ ਦਵਿੰਦਰ ਸਿੰਘ ਨੂੰ ਪਰਿਵਾਰ ਨੇ ਮਿਹਨਤ ਮਜ਼ਦੂਰੀ ਕਰਕੇ ਪਾਲਿਆ ਤੇ ਪੜ੍ਹਾਇਆ। ਜਿਸ ਤੋਂ ਬਾਅਦ 12 ਸਾਲ ਪਹਿਲਾਂ ਹੀ ਦਵਿੰਦਰ ਸਿੰਘ ਨੇ ਸਮਰਾਲਾ ਤੋਂ ਮੁਹਾਲੀ ਆ ਕੇ ਪੱਤਰਕਾਰੀ ਸ਼ੁਰੂ ਕੀਤੀ ਤੇ ਐਂਕਰ ਵਜੋਂ ਆਪਣੀ ਪਛਾਣ ਬਣਾਈ। ਪਰਿਵਾਰ ਵਿਚ ਮਾਤਾ ਪਿਤਾ ਤੋਂ ਇਲਾਵਾ ਇਸ ਦਾ ਵੱਡਾ ਭਰਾ ਸੁਖਵਿੰਦਰ ਸਿੰਘ, ਭਾਬੀ, ਛੋਟਾ ਭਤੀਜਾ ਹੈ ਅਤੇ ਪਰਿਵਾਰ ਵੱਲੋਂ ਦਵਿੰਦਰ ਦਾ ਵਿਆਹ ਕਰਨ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ ਪਰ ਕੁਦਰਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਗਰੀਬੀ ਵਿਚ ਤੰਗੀਆਂ ਤੁਰਸ਼ੀਆਂ ਕੱਟ ਕੇ ਪਰਿਵਾਰ ਥੋੜ੍ਹਾ ਜਿਹਾ ਪੈਰਾਂ ’ਤੇ ਖੜ੍ਹਾ ਹੋਇਆ ਸੀ ਕਿ ਰੱਬ ਨੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਸੁੱਟ ਦਿੱਤਾ। ਪਿਛਲੇ ਦਿਨੀਂ ਹੀ ਰਾਤ ਨੂੰ ਮੁਹਾਲੀ ਦਫ਼ਤਰ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਦਵਿੰਦਰ ਸਿੰਘ ਨੂੰ ਵਾਪਸ ਭਾਗੋਮਾਜਰਾ ਜਾਂਦੇ ਹੋਏ ਨੂੰ ਸੜਕ ਹਾਦਸੇ ਦਾ ਬਹਾਨਾ ਬਣਾ ਕੇ ਹੋਣੀ ਰਸਤੇ ਵਿਚ ਹੀ ਘੇਰ ਕੇ ਨਾਲ ਲੈ ਗਈ। ਅਚਾਨਕ ਵਾਪਰੀ ਘਟਨਾ ਨਾਲ ਹਰ ਕਿਸੇ ਦੇ ਚਿਹਰੇ ਮੁਰਝਾਏ ਹੋਏ ਹਨ। ਪੱਤਰਕਾਰ ਦਵਿੰਦਰ ਸਿੰਘ ਸ਼ਮਸ਼ਪੁਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ 17 ਫਰਵਰੀ ਮੰਗਲਵਾਰ ਨੂੰ ਦੁਪਹਿਰ 12 ਤੋਂ 1.30 ਵਜੇ ਤਕ ਗੁਰਦੁਆਰਾ ਰਵਿਦਾਸ ਭਗਤ ਜੀ ਸ਼ਮਸ਼ਪੁਰ, ਚਾਵਾ ਰੋਡ ’ਤੇ ਅੰਤਿਮ ਅਰਦਾਸ ਹੋਵੇਗੀ ਅਤੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ, ਅਖਬਾਰ ਦੇ ਨੁਮਾਇੰਦਿਆਂ ਤੇ ਸਨੇਹੀਆਂ ਵੱਲੋਂ ਵਿਛੜੇ ਸੱਜਣ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।