ਸਟੇਟ ਐਵਾਰਡ ਜੇਤੂ ਕਿਸਾਨ ਫ਼ਤਿਹ ਸਿੰਘ ਸੈਣੀ ਦਾ ਵਿਸ਼ੇਸ਼ ਸਨਮਾਨ
ਸਟੇਟ ਐਵਾਰਡ ਜੇਤੂ ਕਿਸਾਨ ਫ਼ਤਿਹ ਸਿੰਘ ਸੈਣੀ ਦਾ ਵਿਸ਼ੇਸ਼ ਸਨਮਾਨ
Publish Date: Mon, 20 Apr 2026 08:32 PM (IST)
Updated Date: Mon, 20 Apr 2026 08:33 PM (IST)

ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਪਿੰਡ ਛੱਤ ਦੇ ਅਗਾਂਹਵਧੂ ਕਿਸਾਨ ਅਤੇ ਡੇਅਰੀ ਫਾਰਮਰ ਫ਼ਤਿਹ ਸਿੰਘ ਸੈਣੀ ਦੀਆਂ ਪ੍ਰਾਪਤੀਆਂ ਦਾ ਜਸ਼ਨ ਲਗਾਤਾਰ ਜਾਰੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤੇ ਜਾਣ ਤੋਂ ਬਾਅਦ ਹੁਣ ਸਥਾਨਕ ਪੱਧਰ ’ਤੇ ਵੀ ਉਨ੍ਹਾਂ ਦਾ ਮਾਣ-ਤਾਣ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਹਾਲ ਹੀ ਵਿਚ ਪਿੰਡ ਸਤਾਬਗੜ੍ਹ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵਪਾਰ ਮੰਡਲ ਜ਼ੀਰਕਪੁਰ ਦੇ ਚੇਅਰਮੈਨ ਜਥੇਦਾਰ ਹਰਬੰਸ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਜਥੇਦਾਰ ਹਰਬੰਸ ਸਿੰਘ ਵੱਲੋਂ ਫ਼ਤਿਹ ਸਿੰਘ ਸੈਣੀ ਨੂੰ ਮੂਮੈਂਟੋ ਅਤੇ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਫ਼ਤਿਹ ਸਿੰਘ ਸੈਣੀ ਵਰਗੇ ਮਿਹਨਤੀ ਕਿਸਾਨ ਸਮਾਜ ਲਈ ਇਕ ਵੱਡੀ ਪ੍ਰੇਰਨਾ ਹਨ। ਉਨ੍ਹਾਂ ਕਿਹਾ ਕਿ ਨਵੀਂ ਸੋਚ ਅਤੇ ਆਧੁਨਿਕ ਤਕਨੀਕਾਂ ਨਾਲ ਖੇਤੀਬਾੜੀ ਅਤੇ ਡੇਅਰੀ ਦੇ ਖੇਤਰ ਵਿਚ ਮੱਲਾਂ ਮਾਰ ਕੇ ਉਨ੍ਹਾਂ ਨੇ ਨਾ ਸਿਰਫ਼ ਆਪਣੇ ਪਰਿਵਾਰ, ਸਗੋਂ ਪੂਰੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਜਥੇਦਾਰ ਨੇ ਕਿਹਾ ਕਿ ਅਜਿਹੀਆਂ ਸ਼ਖ਼ਸੀਅਤਾਂ ਦੀ ਹੌਸਲਾ ਅਫ਼ਜ਼ਾਈ ਕਰਨਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਵਪਾਰ ਮੰਡਲ ਦਾ ਧੰਨਵਾਦ ਕਰਦਿਆਂ ਫ਼ਤਿਹ ਸਿੰਘ ਸੈਣੀ ਨੇ ਕਿਹਾ ਕਿ ਇਹ ਮਾਣ-ਸਨਮਾਨ ਉਨ੍ਹਾਂ ਨੂੰ ਭਵਿੱਖ ਵਿਚ ਹੋਰ ਵੀ ਵੱਧ ਮਿਹਨਤ ਕਰਨ ਲਈ ਉਤਸ਼ਾਹਿਤ ਕਰੇਗਾ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਖੇਤੀਬਾੜੀ ਅਤੇ ਡੇਅਰੀ ਫਾਰਮਿੰਗ ਵਿਚ ਨਵੀਆਂ ਤਕਨੀਕਾਂ ਨੂੰ ਅਪਣਾਉਣ ਦੇ ਪੱਖ ਵਿਚ ਰਹੇ ਹਨ ਅਤੇ ਅੱਗੇ ਵੀ ਇਸੇ ਤਰ੍ਹਾਂ ਨਵੀਂਆਂ ਪੁਲਾਂਘਾਂ ਪੁੱਟਦੇ ਰਹਿਣਗੇ। ਗੌਰਤਲਬ ਹੈ ਕਿ ਫ਼ਤਿਹ ਸਿੰਘ ਸੈਣੀ ਨੂੰ ਹਾਲ ਹੀ ਵਿਚ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਅਤੇ ਡੇਅਰੀ ਖੇਤਰ ਵਿਚ ਪਾਏ ਸ਼ਾਨਦਾਰ ਯੋਗਦਾਨ ਲਈ ਸੂਬਾ ਪੱਧਰੀ ਸਨਮਾਨ ਦਿੱਤਾ ਗਿਆ ਸੀ। ਇਸ ਸਮਾਗਮ ਵਿਚ ਇਲਾਕੇ ਦੇ ਹੋਰ ਪ੍ਰਮੁੱਖ ਵਿਅਕਤੀਆਂ ਅਤੇ ਵਪਾਰ ਮੰਡਲ ਦੇ ਮੈਂਬਰਾਂ ਨੇ ਵੀ ਹਾਜ਼ਰੀ ਭਰੀ ਅਤੇ ਸੈਣੀ ਨੂੰ ਵਧਾਈਆਂ ਦਿੱਤੀਆਂ।