ਪਤਨੀ ਤੇ ਬੱਚੀ ਨਾਲ ਜਾਂਦੇ ਫ਼ੌਜੀ ਨਾਲ ਕੀਤੀ ਕੁੱਟਮਾਰ
ਪਤਨੀ ਅਤੇ ਬੱਚੀ ਨਾਲ ਜਾਂਦੇ ਫ਼ੌਜੀ ਨਾਲ ਕੀਤੀ ਕੁੱਟਮਾਰ, ਹਮਲਾਵਰ ਮਾਂ-ਪੁੱਤ ਖ਼ਿਲਾਫ਼ ਮਾਮਲਾ ਦਰਜ
Publish Date: Mon, 02 Mar 2026 09:48 PM (IST)
Updated Date: Mon, 02 Mar 2026 09:49 PM (IST)

- ਹਮਲਾਵਰ ਮਾਂ-ਪੁੱਤ ਖ਼ਿਲਾਫ਼ ਮਾਮਲਾ ਦਰਜ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਬੀਤੀ ਸ਼ਾਮ ਬੱਸ ਸਟੈਂਡ ’ਤੇ ਪਤਨੀ ਅਤੇ ਬੱਚੇ ਨਾਲ ਜਾਂਦੇ ਫ਼ੌਜੀ ਨਾਲ ਕੁੱਟਮਾਰ ਕਰ ਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਵਿਚ ਫ਼ੌਜੀ ਦੀ ਪਤਨੀ ਅਤੇ ਦੋ ਸਾਲ ਦੀ ਬੱਚੀ ਦੇ ਵੀ ਸੱਟ ਲੱਗੀ ਹੈ। ਪੁਲਿਸ ਨੇ ਨੌਜਵਾਨ ਅਤੇ ਉਸ ਦੀ ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਨੌਜਵਾਨ ਨੂੰ ਕਾਬੂ ਕਰ ਲਿਆ ਹੈ। ਮੁਲਜ਼ਮ ਦੀ ਪਛਾਣ 24 ਸਾਲਾ ਗੁਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਭਾਂਖਰਪੁਰ ਦੇ ਰੂਪ ਵਿਚ ਹੋਈ ਹੈ। ਥਾਣਾ ਮੁੱਖੀ ਡੇਰਾਬੱਸੀ ਸੁਮਿਤ ਮੋਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ ਕ੍ਰਿਸ਼ਨਾ ਰੇਡੀ ਪੁੱਤਰ ਐੱਸ ਲਕਸ਼ਮੀ ਨਾਰਾਇਣ ਰੇਡੀ ਵਾਸੀ ਉੜੀਸਾ ਹਾਲ ਵਾਸੀ ਐੱਮਯੂਨੇਸ਼ਨ ਡਿਪੂ ਦੱਪਰ ਵਿਖੇ ਰਹਿੰਦਾ ਹੈ, ਜੋ ਇੰਡੀਅਨ ਆਰਮੀ ਵਿਚੋਂ ਬਤੌਰ ਸਿਪਾਹੀ ਤਾਇਨਾਤ ਹੈ। ਫ਼ੌਜੀ ਮੁਤਾਬਿਕ ਬੀਤੀ ਸ਼ਾਮ ਉਹ ਆਪਣੀ ਪਤਨੀ ਨਾਲ ਡੇਰਾਬੱਸੀ ਕਿਸੇ ਕੰਮ ਆਇਆ ਹੋਇਆ ਸੀ, ਜਦੋਂ ਉਹ ਮੁੱਖ ਸੜਕ ਕੋਲ ਕਿਨਾਰੇ ਪੈਦਲ ਜਾ ਰਹੇ ਸਨ ਤਾਂ ਪਿੱਛੋਂ ਆਈ ਕਾਰ ਦੇ ਚਾਲਕ ਨੇ ਉਨ੍ਹਾਂ ਦੇ ਅੱਗੇ ਕਾਰ ਘੁੰਮਾ ਕੇ ਲਗਾ ਦਿੱਤੀ ਅਤੇ ਉੱਤਰ ਕੇ ਖਹਿਬੜਨ ਲੱਗ ਗਿਆ ਤੇ ਉਸ ਨਾਲ ਕੁੱਟਮਾਰ ਕਰਨ ਲੱਗ ਗਿਆ। ਫ਼ੌਜੀ ਮੁਤਾਬਿਕ ਹਮਲਾਵਰ ਨੇ ਆਪਣੇ ਹੱਥ ਵਿਚ ਪਾਏ ਕੜੇ ਦਾ ਵਾਰ ਉਸ ਦੇ ਸਿਰ ਅਤੇ ਮੱਥੇ ’ਤੇ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਉਕਤ ਹਮਲਾਵਰ ਤੋਂ ਛੁਡਵਾਉਣ ਲਈ ਜਦੋਂ ਫ਼ੌਜੀ ਦੀ ਪਤਨੀ ਅੱਗੇ ਆਈ ਤਾਂ ਹਮਲਾਵਰ ਨਾਲ ਮੌਜੂਦ ਉਸ ਦੀ ਮਾਤਾ ਨੇ ਉਸ ਨੂੰ ਧੱਕੇ ਮਾਰੇ ਅਤੇ ਉਸ ਨਾਲ ਕੁੱਟਮਾਰ ਕੀਤੀ। ਫ਼ੌਜੀ ਨੇ ਦੋਸ਼ ਲਾਇਆ ਕਿ ਹਮਲੇ ਵਿਚ ਉਸ ਦੀ ਪਤਨੀ ਅਤੇ 2 ਸਾਲ ਦੀ ਬੱਚੀ ਦੇ ਵੀ ਸੱਟ ਲਗੀ ਹੈ। ਮੌਕੇ ’ਤੇ ਲੋਕਾਂ ਨੂੰ ਇਕੱਠੇ ਹੁੰਦੇ ਵੇਖ ਹਮਲਾਵਰ ਆਪਣੀ ਗੱਡੀ ’ਤੇ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਜ਼ਖ਼ਮੀ ਨੂੰ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀ ਦੀ ਸ਼ਿਕਾਇਤ ’ਤੇ ਉਕਤ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਨੌਜਵਾਨ ਨੂੰ ਕਾਬੂ ਕਰ ਲਿਆ ਹੈ, ਜਿਸ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਮੌਕੇ ’ਤੇ ਮੌਜੂਦ ਘਟਨਾ ਦੀ ਲੋਕਾਂ ਵੱਲੋਂ ਫੋਟੋ ਖਿੱਚ ਲਈ ਗਈ ਸੀ।