- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ੀਰਕਪੁਰ-ਪਰਵਾਣੂ ਸਿਕਸ ਲੇਨ ਪ੍ਰੋਜੈਕਟ ਲਈ ਸੋਇਲ ਟੈਸਟਿੰਗ ਦਾ ਕੰਮ ਆਰੰਭ, ਲੰਬੇ ਸਮੇਂ ਦੀ ਉਡੀਕ ਹੋਈ ਖ਼ਤਮ

ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ
ਜ਼ੀਰਕੁਪਰ : ਲੰਬੇ ਸਮੇਂ ਤੋਂ ਇੰਤਜ਼ਾਰ ਵਿਚ ਚੱਲ ਰਹੇ ਜ਼ੀਰਕਪੁਰ-ਪਰਵਾਣੂ ਸਿਕਸ ਲੇਨ ਬਾਈਪਾਸ ਪ੍ਰਾਜੈਕਟ ਦਾ ਕੰਮ ਆਖ਼ੀਰਕਾਰ ਆਪਣੇ ਮੁੱਢਲੇ ਪੜਾਅ ਵਿਚ ਸ਼ੁਰੂ ਹੋ ਗਿਆ ਹੈ। ਛੱਤ ਲਾਈਟ ਪੁਆਇੰਟ ਤੋਂ ਸ਼ੁਰੂ ਹੋ ਕੇ ਪੰਚਕੂਲਾ ਅਤੇ ਹਿਮਾਚਲ ਨੂੰ ਜੋੜਨ ਵਾਲੇ ਇਸ ਮਹੱਤਵਪੂਰਨ ਪ੍ਰਾਜੈਕਟ ਲਈ ਸਰਕਾਰ ਵੱਲੋਂ ਉਸਾਰੀ ਕੰਪਨੀ ਨੂੰ ਵਰਕ ਆਰਡਰ ਜਾਰੀ ਕਰ ਦਿੱਤਾ ਗਿਆ ਹੈ। ਵਰਕ ਆਰਡਰ ਮਿਲਣ ਤੋਂ ਤੁਰੰਤ ਬਾਅਦ ਹੁਣ ਜ਼ਮੀਨੀ ਪੱਧਰ ’ਤੇ ਸੋਇਲ ਟੈਸਟਿੰਗ (ਮਿੱਟੀ ਦੀ ਜਾਂਚ) ਦਾ ਕੰਮ ਬਹੁਤ ਤੇਜ਼ੀ ਨਾਲ ਆਰੰਭ ਹੋ ਚੁੱਕਾ ਹੈ।
ਪਿੰਡ ਨਗਲਾ ਤੋਂ ਸ਼ੁਰੂ ਹੋਇਆ ਕੰਮ : ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੈਗਾ ਪ੍ਰਾਜੈਕਟ ਦਾ ਮੁੱਢਲਾ ਕੰਮ ਪੀਆਰ-7 ਸੜਕ ’ਤੇ ਪਿੰਡ ਨਗਲਾ ਖੇਤਰ ਤੋਂ ਸ਼ੁਰੂ ਕੀਤਾ ਗਿਆ ਹੈ। ਇਸੇ ਲੜੀ ਤਹਿਤ ਟੈਸਟਿੰਗ ਕੰਪਨੀ ਦੀਆਂ ਟੀਮਾਂ ਵੱਲੋਂ ਹੁਣ ਤੱਕ ਵੱਖ-ਵੱਖ ਕਰੀਬ 40 ਥਾਵਾਂ ਤੋਂ ਮਿੱਟੀ ਦੇ ਸੈਂਪਲ ਇਕੱਠੇ ਕਰਕੇ ਲੈਬਾਰਟਰੀ ਵਿਚ ਜਾਂਚ ਲਈ ਭੇਜੇ ਜਾ ਚੁੱਕੇ ਹਨ। ਤਕਨੀਕੀ ਮਾਹਰਾਂ ਅਨੁਸਾਰ, ਕੰਪਨੀ ਵੱਲੋਂ ਲਗਭਗ 100 ਫੁੱਟ ਦੀ ਗਹਿਰਾਈ ਤੱਕ ਹਰ ਇਕ ਮੀਟਰ ਦੇ ਫ਼ਾਸਲੇ ਤੋਂ ਮਿੱਟੀ ਦੇ ਸੈਂਪਲ ਲਏ ਜਾ ਰਹੇ ਹਨ। ਇਸ ਜਾਂਚ ਦਾ ਮੁੱਖ ਉਦੇਸ਼ ਪ੍ਰੋਜੈਕਟ ਦੇ ਅਧੀਨ ਬਣਨ ਵਾਲੇ ਪੁਲ਼ਾਂ, ਐਲੀਵੇਟਡ (ਉੱਚੇ) ਹਿੱਸਿਆਂ ਅਤੇ ਸੜਕ ਦੀ ਮਜ਼ਬੂਤੀ ਸਬੰਧੀ ਇਕ ਸਟੀਕ ਤਕਨੀਕੀ ਰਿਪੋਰਟ ਤਿਆਰ ਕਰਨਾ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਅਗਲੇ ਇਕ ਮਹੀਨੇ ਦੇ ਅੰਦਰ-ਅੰਦਰ ਲੈਬ ਟੈਸਟਿੰਗ ਦਾ ਇਹ ਕੰਮ ਮੁਕੰਮਲ ਕਰ ਲਿਆ ਜਾਵੇਗਾ।
-----
- ਗਾਜੀਪੁਰ ਅਤੇ ਸਨੌਲੀ ਵਿਖੇ ਬੇਸ ਕੈਂਪ ਤਿਆਰ, ਸੁੱਖਨਾ ਨਦੀ ’ਤੇ ਬਣੇਗਾ ਓਵਰਬ੍ਰਿਜ਼
ਮੌਕੇ ’ਤੇ ਮੌਜੂਦ ਕੰਪਨੀ ਦੇ ਇੰਜੀਨੀਅਰਾਂ ਨੇ ਦੱਸਿਆ ਕਿ ਪਿੰਡ ਨਗਲਾ ਸਥਿਤ ਸੁਸ਼ਮਾ ਵਲੈਂਸੀਆ ਸੁਸਾਇਟੀ ਦੇ ਨੇੜੇ ਤੋਂ ਲੰਘਦੀ ਸੁੱਖਨਾ ਨਦੀ ਉੱਪਰ ਇਕ ਵਿਸ਼ਾਲ ਓਵਰਬ੍ਰਿਜ਼ ਬਣਾਇਆ ਜਾਣਾ ਹੈ। ਇਸ ਤੋਂ ਇਲਾਵਾ ਰੇਲਵੇ ਲਾਈਨ ਉੱਪਰ ਅਤੇ ਪੁਰਾਣੀ ਕਾਲਕਾ ਸੜਕ ਉੱਪਰ ਵੀ ਵੱਡੇ ਓਵਰਬ੍ਰਿਜਾਂ ਦੀ ਉਸਾਰੀ ਕੀਤੀ ਜਾਵੇਗੀ। ਪਿੰਡ ਛੱਤ ਤੋਂ ਸ਼ੁਰੂ ਹੋਣ ਵਾਲੇ ਇਸ ਸਿਕਸ ਲੇਨ ਪ੍ਰੋਜੈਕਟ ਦਾ ਇਕ ਬਹੁਤ ਵੱਡਾ ਹਿੱਸਾ ਐਲੀਵੇਟਡ (ਹਵਾ ਵਿਚ ਉੱਚਾ) ਬਣਾਉਣ ਦੀ ਯੋਜਨਾ ਹੈ। ਜ਼ੀਰਕਪੁਰ ਦੇ ਮਾਇਆ ਮੈਗਨੇਸ਼ੀਆ ਪ੍ਰਾਜੈਕਟ ਦੇ ਬਿਲਕੁਲ ਨੇੜੇ ਇਕ ਉੱਚਾ ਪੁਲ਼ ਬਣਾਇਆ ਜਾਵੇਗਾ, ਤਾਂ ਜੋ ਚੰਡੀਗੜ੍ਹ-ਅੰਬਾਲਾ ਹਾਈਵੇ ਵੱਲ ਆਉਣ-ਜਾਣ ਵਾਲੇ ਭਾਰੀ ਟ੍ਰੈਫਿਕ ਨੂੰ ਕਿਸੇ ਵੀ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ।
-----
- 1950 ਕਰੋੜ ਦਾ ਮੈਗਾ ਪ੍ਰਾਜੈਕਟ, ਦਰੱਖ਼ਤਾਂ ਦੀ ਕਟਾਈ ’ਤੇ ਹਾਈ ਕੋਰਟ ਦੀ ਸਟੇਅ
ਕਰੀਬ 1950 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਇਹ ਬਾਈਪਾਸ ਖੇਤਰ ਦੇ ਸਭ ਤੋਂ ਵੱਡੇ ਪ੍ਰਾਜੈਕਟਾਂ ਵਿਚੋਂ ਇਕ ਹੈ। ਹਾਲਾਂਕਿ, ਇਸ ਪ੍ਰਾਜੈਕਟ ਦੇ ਰਸਤੇ ਵਿਚ ਆਉਂਦੇ ਕਰੀਬ ਪੰਜ ਹਜ਼ਾਰ ਦਰੱਖ਼ਤਾਂ ਦੇ ਕੱਟੇ ਜਾਣ ਦਾ ਮਾਮਲਾ ਫਿਲਹਾਲ ਚਰਚਾ ਵਿਚ ਹੈ, ਜਿਸ ਸਬੰਧੀ ਮਾਣਯੋਗ ਹਾਈ ਕੋਰਟ ਵੱਲੋਂ ਦਰੱਖ਼ਤ ਕੱਟਣ ’ਤੇ ਸਟੇਅ ਲਗਾਈ ਹੋਈ ਹੈ। ਇਸ ਦੇ ਬਾਵਜੂਦ ਪ੍ਰਸ਼ਾਸਨ ਅਤੇ ਕੰਪਨੀ ਨੂੰ ਉਮੀਦ ਹੈ ਕਿ ਜਦੋਂ ਤੱਕ ਜ਼ੀਰਕਪੁਰ ਤੋਂ ਸ਼ੁਰੂ ਹੋ ਕੇ ਉਸਾਰੀ ਦਾ ਕੰਮ ਜੰਗਲੀ ਹਿੱਸੇ ਤੱਕ ਪਹੁੰਚੇਗਾ, ਉਦੋਂ ਤੱਕ ਅਦਾਲਤ ਵੱਲੋਂ ਕੋਈ ਸਕਾਰਾਤਮਕ ਰਾਹਤ ਮਿਲ ਜਾਵੇਗੀ।