ਸੋਹਾਣਾ ਹਸਪਤਾਲ ਨੇ ਨੈਸ਼ਨਲ ਕੈਂਸਰ ਸਰਵਾਈਵਰਜ਼ ਡੇਅ ਮਨਾਇਆ
ਸੋਹਾਣਾ ਹਸਪਤਾਲ ਨੇ ਨੈਸ਼ਨਲ ਕੈਂਸਰ ਸਰਵਾਈਵਰਜ਼ ਡੇਅ ਮਨਾਇਆ
Publish Date: Sun, 07 Jun 2026 09:24 PM (IST)
Updated Date: Sun, 07 Jun 2026 09:26 PM (IST)

ਪੰਜਾਬੀ ਜਾਗਰਣ ਰਿਪੋਰਟਰ, ਮੁਹਾਲੀ : ਸੋਹਾਣਾ ਹਸਪਤਾਲ ਸੈਕਟਰ-77, ਮੁਹਾਲੀ ਵੱਲੋਂ ਨੈਸ਼ਨਲ ਕੈਂਸਰ ਸਰਵਾਈਵਰਜ਼ ਡੇਅ ਉਤਸ਼ਾਹ ਅਤੇ ਭਾਵਨਾਤਮਕ ਮਾਹੌਲ ਵਿਚ ਮਨਾਇਆ ਗਿਆ। ਇਸ ਮੌਕੇ ਕੈਂਸਰ ਨਾਲ ਜੰਗ ਜਿੱਤਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦਾ ਆਗਾਜ਼ ਦੀਪ ਜਗ੍ਹਾ ਕੇ ਕੀਤਾ ਗਿਆ। ਜਿਸ ਵਿਚ ਕੈਂਸਰ ਸਰਵਾਈਵਰਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਡਾਕਟਰਾਂ ਨੇ ਸ਼ਮੂਲੀਅਤ ਕੀਤੀ। ਸੰਗੀਤ, ਨਾਚ, ਖੇਡਾਂ ਅਤੇ ਪ੍ਰੇਰਨਾਦਾਇਕ ਤਜਰਬਿਆਂ ਦੀ ਸਾਂਝ ਨੇ ਸਮਾਗਮ ਯਾਦਗਾਰ ਬਣਾ ਦਿੱਤਾ। ਇਸ ਮੌਕੇ ਡਾ. ਗੌਤਮ ਗੋਇਲ, ਡਾਇਰੈਕਟਰ ਮੈਡੀਕਲ ਓਨਕੋਲੋਜੀ ਨੇ ਕਿਹਾ ਕਿ ਵਧੀਆ ਇਲਾਜ ਸਿਰਫ਼ ਦਵਾਈਆਂ ਤੱਕ ਸੀਮਤ ਨਹੀਂ ਹੁੰਦਾ, ਸਗੋਂ ਇਲਾਜ ਦੇ ਖ਼ਰਚਿਆਂ ਵਿਚ ਪਾਰਦਰਸ਼ਤਾ ਅਤੇ ਮਰੀਜ਼ਾਂ ਦਾ ਭਰੋਸਾ ਜਿੱਤਣਾ ਵੀ ਉਨਾਂ ਹੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਸਰਵਾਈਵਰ ਬਣਨ ਦੀ ਸ਼ੁਰੂਆਤ ਉਸ ਸਮੇਂ ਹੁੰਦੀ ਹੈ ਜਦੋਂ ਮਰੀਜ਼ ਡਰ ਦੀ ਥਾਂ ਉਮੀਦ ਚੁਣਦਾ ਹੈ। ਮੈਡੀਕਲ ਓਨਕੋਲੋਜਿਸਟ ਡਾ. ਸੋਨੀਆ ਢਾਕਾ ਨੇ ਕਿਹਾ ਕਿ ਹਰ ਕੈਂਸਰ ਸਰਵਾਈਵਰ ਹਿੰਮਤ, ਵਿਸ਼ਵਾਸ ਅਤੇ ਆਸ ਦੀ ਜੀਵੰਤ ਮਿਸਾਲ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਇਲਾਜ, ਪਰਿਵਾਰਕ ਸਹਿਯੋਗ ਅਤੇ ਆਧੁਨਿਕ ਤਕਨਾਲੋਜੀ ਦੀ ਮਦਦ ਨਾਲ ਕੈਂਸਰ ਦਾ ਸਫਲਤਾਪੂਰਵਕ ਮੁਕਾਬਲਾ ਕੀਤਾ ਜਾ ਸਕਦਾ ਹੈ। ਟਰੱਸਟ ਦੇ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਨਵੀਆਂ ਅਤੇ ਆਧੁਨਿਕ ਥੈਰੇਪੀਆਂ ਨਾਲ ਕੈਂਸਰ ਇਲਾਜ ਦੇ ਨਤੀਜੇ ਲਗਾਤਾਰ ਬਿਹਤਰ ਹੋ ਰਹੇ ਹਨ, ਪਰ ਜਾਗਰੂਕਤਾ ਹੀ ਇਸ ਬਿਮਾਰੀ ਖ਼ਿਲਾਫ਼ ਸਭ ਤੋਂ ਵੱਡਾ ਹਥਿਆਰ ਹੈ। ਉਨ੍ਹਾਂ ਪੰਜਾਬ ਵਿਚ ਵੱਧ ਰਹੇ ਕੈਂਸਰ ਨਾਲ ਨਜਿੱਠਣ ਲਈ ਸਮੇਂ ਸਿਰ ਜਾਂਚ ਕਰਵਾਉਣ ਦੀ ਅਪੀਲ ਕੀਤੀ। ਰੋਬੋਟਿਕ ਕੈਂਸਰ ਸਰਜਨ ਡਾ. ਸ਼ਿਆਮ ਸੁੰਦਰ ਤ੍ਰੇਹਨ ਨੇ ਦੱਸਿਆ ਕਿ ਰੋਬੋਟਿਕ ਸਰਜਰੀ ਦੀ ਮਦਦ ਨਾਲ ਜਟਿਲ ਆਪ੍ਰੇਸ਼ਨ ਵਧੇਰੇ ਸ਼ੁੱਧਤਾ ਨਾਲ ਕੀਤੇ ਜਾ ਰਹੇ ਹਨ, ਜਿਸ ਨਾਲ ਮਰੀਜ਼ਾਂ ਦੀ ਸਿਹਤਯਾਬੀ ਵੀ ਤੇਜ਼ ਹੋ ਰਹੀ ਹੈ। ਇਸ ਮੌਕੇ ਮੈਡੀਕਲ ਓਨਕੋਲੋਜਿਸਟ ਡਾ. ਨਿਤਿਸ਼ ਗਰਗ, ਡਾ. ਕਨਿਕਾ ਸ਼ਰਮਾ, ਡਾ. ਰਾਕੇਸ਼ ਗੁਪਤਾ, ਡਾ. ਰੁਪਾਲੀ ਅਗਰਵਾਲ, ਡਾ. ਪ੍ਰੀਤੀ ਸਿੰਘ ਨੇ ਕਿਹਾ ਕਿ ਵੱਖ-ਵੱਖ ਮਾਹਰਾਂ ਦੀ ਸਾਂਝੀ ਟੀਮ ਮਰੀਜ਼ਾਂ ਸਭ ਤੋਂ ਉੱਤਮ ਇਲਾਜ ਮੁਹੱਈਆ ਕਰਵਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਸਹੀ ਅਤੇ ਸਮੇਂ ਸਿਰ ਜਾਂਚ ਕੈਂਸਰ ਇਲਾਜ ਦੀ ਮਜ਼ਬੂਤ ਨੀਂਹ ਹੈ। ਸੋਹਾਣਾ ਹਸਪਤਾਲ ਦੇ ਸੀਈਓ ਡਾ. ਗਗਨਦੀਪ ਸਚਦੇਵਾ ਨੇ ਕਿਹਾ ਕਿ ਹਸਪਤਾਲ ਦਾ ਉਦੇਸ਼ ਸਿਰਫ਼ ਕੈਂਸਰ ਦਾ ਇਲਾਜ ਕਰਨਾ ਨਹੀਂ, ਸਗੋਂ ਹਰ ਮਰੀਜ਼ ਸਹਾਰਾ, ਸਨਮਾਨ ਅਤੇ ਹੌਸਲਾ ਵਧਾਉਣਾ ਵੀ ਹੈ। ਟਰੱਸਟੀ ਸੁਖਦੀਪ ਸਿੰਘ ਅਤੇ ਆਦਰਸ਼ ਸੁਰੀ ਨੇ ਸਾਰਿਆਂ ਦਾ ਧੰਨਵਾਦ ਕੀਤਾ।