ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਛੇਵੀਂ ਬੱਸ ਰਵਾਨਾ
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਛੇਵੀਂ ਬੱਸ ਰਵਾਨਾ
Publish Date: Mon, 23 Feb 2026 07:42 PM (IST)
Updated Date: Mon, 23 Feb 2026 07:43 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹਲਕਾ ਡੇਰਾਬੱਸੀ ਦੇ ਪਿੰਡ ਕੂੜਾਵਾਲਾ ਤੋਂ ਸੰਗਤ ਨੂੰ ਪਵਿੱਤਰ ਧਰਤੀ ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਨ ਲਈ ਛੇਵੀਂ ਬੱਸ ਰਵਾਨਾ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਖ਼ੁਦ ਹਾਜ਼ਰੀ ਭਰਦੇ ਹੋਏ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਪਵਿੱਤਰ ਯਾਤਰਾ ਦੇ ਮੌਕੇ ਵਿਧਾਇਕ ਰੰਧਾਵਾ ਨੇ ਸੰਗਤ ਨਾਲ ਮਿਲ ਕੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੀ ਸੁਖਮਈ, ਸੁਰੱਖਿਅਤ ਅਤੇ ਆਤਮਿਕ ਅਨੰਦ ਭਰੀ ਯਾਤਰਾ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਯੋਜਨਾ ਵੱਡੀ ਉਮਰ ਦੇ ਨਾਗਰਿਕਾਂ ਅਤੇ ਧਾਰਮਿਕ ਆਸਥਾ ਰੱਖਣ ਵਾਲੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਇਸ ਯੋਜਨਾ ਤਹਿਤ ਸੂਬੇ ਦੇ ਵੱਖ-ਵੱਖ ਇਤਿਹਾਸਕ ਅਤੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਮੁਫ਼ਤ ਕਰਵਾਏ ਜਾ ਰਹੇ ਹਨ, ਜਿਸ ਨਾਲ ਸੰਗਤ ਵਿਚ ਖੁਸ਼ੀ ਅਤੇ ਉਤਸ਼ਾਹ ਦੀ ਲਹਿਰ ਹੈ। ਉਨ੍ਹਾਂ ਦੱਸਿਆ ਕਿ ਹਲਕਾ ਡੇਰਾਬੱਸੀ ਤੋਂ ਇਹ ਛੇਵੀਂ ਬੱਸ ਹੈ, ਜੋ ਸੰਗਤ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਸ਼ਨਾਂ ਲਈ ਲੈ ਕੇ ਗਈ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਵੀ ਇਸ ਯੋਜਨਾ ਤਹਿਤ ਹੋਰ ਬੱਸਾਂ ਭੇਜੀਆਂ ਜਾਣਗੀਆਂ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਪਵਿੱਤਰ ਯਾਤਰਾ ਦਾ ਲਾਭ ਲੈ ਸਕਣ। ਇਹ ਬੱਸ ਸੰਗਤਾਂ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਅਤੇ ਭਗਵਾਨ ਵਾਲਮੀਕਿ ਤੀਰਥ ਦੇ ਦਰਸ਼ਨ ਕਰਵਾਉਣ ਤੋਂ ਇਲਾਵਾ ਜਲ੍ਹਿਆਂਵਾਲਾ ਬਾਗ਼ ਅਤੇ ਵਾਹਗਾ ਸਰਹੱਦ ਤੇ ਰੀਟ੍ਰੀਟ ਸੈਰੇਮਨੀ ਵੀ ਵਿਖਾਏਗੀ। ਇਸ ਮੌਕੇ ਕੋਆਰਡੀਨੇਟਰ ਜਸਵਿੰਦਰ ਸਿੰਘ, ਪਿੰਡ ਦੇ ਸਰਪੰਚ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਵੀ ਮੌਜੂਦ ਰਹੇ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ ਅਤੇ ਇਸ ਉਪਰਾਲੇ ਨੂੰ ਲੋਕ-ਹਿਤੈਸ਼ੀ ਕਦਮ ਕਰਾਰ ਦਿੱਤਾ।