- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੁਬਲੀ ਵਾਕ ਮਾਲ ਪਿੱਛੇ ਗ਼ਲਤ ਐਂਟਰੀਆਂ ਕਾਰਨ ਹਾਲਾਤ ਬੇਕਾਬੂ : ਡਿਪਟੀ ਮੇਅਰ

- ਸਮੱਸਿਆ ਦਾ ਫੌਰੀ ਹੱਲ ਨਾ ਹੋਇਆ ਤਾਂ ਕਰਾਂਗੇ ਸੰਘਰਸ਼ : ਬੇਦੀ
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ
ਐੱਸਏਐੱਸ ਨਗਰ : ਮੁਹਾਲੀ ਦੇ ਸੈਕਟਰ 66 ਵਿਚ ਸਥਿਤ ਜੁਬਲੀ ਵਾਕ ਮਾਲ ਦੇ ਪਿੱਛੇ ਬਣੀਆਂ ਗ਼ਲਤ ਬੈਕ-ਸਾਈਡ ਐਂਟਰੀਆਂ ਕਾਰਨ ਇਲਾਕੇ ਵਿਚ ਟ੍ਰੈਫਿਕ ਜਾਮ, ਹਾਦਸਿਆਂ ਅਤੇ ਗੰਦਗੀ ਦੀ ਸਮੱਸਿਆ ਗੰਭੀਰ ਹੋ ਗਈ ਹੈ। ਇਸ ਮਾਮਲੇ ਨੂੰ ਲੈ ਕੇ ਸੋਮਵਾਰ ਸਵੇਰੇ ਇਲਾਕਾ ਵਾਸੀ ਇਕੱਠੇ ਹੋਏ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਰਾਜ਼ਗੀ ਜਤਾਈ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੌਕੇ ’ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਮਾਲ ਨਾਲ ਜੁੜੀਆਂ ਗ਼ਲਤ ਐਂਟਰੀਆਂ ਕਾਰਨ ਡਲਿਵਰੀ ਵਾਹਨ, ਕੈਬਾਂ ਅਤੇ ਹੋਰ ਟ੍ਰੈਫਿਕ ਰਿਹਾਇਸ਼ੀ ਇਲਾਕਿਆਂ ਵਿਚੋਂ ਲੰਘ ਰਹੇ ਹਨ, ਜਿਸ ਨਾਲ ਰੋਜ਼ਾਨਾ ਜਾਮ ਅਤੇ ਹਾਦਸਿਆਂ ਦਾ ਖ਼ਤਰਾ ਬਣਿਆ ਹੋਇਆ ਹੈ। ਡਿਪਟੀ ਮੇਅਰ ਬੇਦੀ ਨੇ ਕਿਹਾ ਕਿ ਇੱਥੋਂ ਦੇ ਕੌਂਸਲਰ ਮਾਸਟਰ ਚਰਨ ਸਿੰਘ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਇੱਥੋਂ ਦੀਆਂ ਸਮੱਸਿਆਵਾਂ ਦਿਖਾਉਣ ਲਈ ਸੱਦਿਆ ਗਿਆ ਸੀ ਅਤੇ ਇੱਥੇ ਦੇਖ ਕੇ ਪਤਾ ਲੱਗਦਾ ਹੈ ਕਿ ਇਲਾਕਾ ਵਾਸੀਆਂ ਨੂੰ ਸਹੀ ਮਾਇਨੇ ਵਿਚ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬੇਦੀ ਨੇ ਕਿਹਾ ਕਿ ‘ਗ਼ਲਤ ਯੋਜਨਾ ਅਤੇ ਬਿਨਾਂ ਸੋਚੇ ਸਮਝੇ ਬਣਾਈਆਂ ਐਂਟਰੀਆਂ ਦਾ ਨੁਕਸਾਨ ਹੁਣ ਸਥਾਨਕ ਲੋਕ ਭੁਗਤ ਰਹੇ ਹਨ। ਲੋਕਾਂ ਦੇ ਘਰਾਂ ਅੱਗੇ ਵਾਹਨਾਂ ਦੀ ਲੰਮੀ ਕਤਾਰ ਲੱਗਦੀ ਹੈ, ਜਿਸ ਨਾਲ ਐਮਰਜੈਂਸੀ ਹਾਲਾਤ ਵਿਚ ਵੀ ਰਸਤਾ ਨਹੀਂ ਮਿਲਦਾ।’ ਇਹ ਮਕਾਨ ਕਿਉਂਕਿ ਮਾਲ ਦੇ ਪਿਛਲੇ ਪਾਸੇ ਤਾਂ ਹਨ ਪਰ ਇਨ੍ਹਾਂ ਦੀ ਐਂਟਰੀ ਮਾਲ ਵਾਲੇ ਪਾਸੇ ਖੁੱਲਦੀ ਹੈ, ਇਸ ਕਰ ਕੇ ਸਮੱਸਿਆ ਹੋਰ ਵੀ ਵੱਧਦੀ ਹੈ। ਉਨ੍ਹਾਂ ਇਲਾਕੇ ਵਿਚ ਫੈਲ ਰਹੀ ਗੰਦਗੀ ਅਤੇ ਸੀਵਰੇਜ ਸਮੱਸਿਆ ’ਤੇ ਵੀ ਗੰਭੀਰ ਚਿੰਤਾ ਜਤਾਈ। ਉਨ੍ਹਾਂ ਦੱਸਿਆ ਕਿ ਕੁਝ ਕਮਰਸ਼ੀਅਲ ਇਕਾਈਆਂ ਵੱਲੋਂ ਗ਼ਲਤ ਤਰੀਕੇ ਨਾਲ ਪੰਪਿੰਗ ਕਰ ਕੇ ਗੰਦਾ ਪਾਣੀ ਬਾਹਰ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਬਦਬੂ ਅਤੇ ਬਿਮਾਰੀਆਂ ਦਾ ਖ਼ਤਰਾ ਵੱਧ ਰਿਹਾ ਹੈ। ‘ਇਸ ਨਾਲ ਸਭ ਤੋਂ ਵੱਧ ਤਕਲੀਫ਼ ਭੈਣਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਹੋ ਰਹੀ ਹੈ। ਡਿਪਟੀ ਮੇਅਰ ਬੇਦੀ ਨੇ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਪ੍ਰਸ਼ਾਸਨ ਤੁਰੰਤ ਜ਼ਮੀਨੀ ਹਕੀਕਤ ਦੇਖੇ। ਲੋਕ ਟੈਕਸ ਭਰਦੇ ਹਨ, ਇਸ ਲਈ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਮਿਲਣੀਆਂ ਹੀ ਚਾਹੀਦੀਆਂ ਹਨ। ਬੇਤਰਤੀਬੀ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਿਵਲ ਪ੍ਰਸ਼ਾਸਨ, ਟ੍ਰੈਫਿਕ ਪੁਲਿਸ ਅਤੇ ਪਬਲਿਕ ਹੈਲਥ ਵਿਭਾਗ ਨੂੰ ਤੁਰੰਤ ਸਾਂਝਾ ਨਿਰੀਖਣ ਕਰਕੇ ਗ਼ਲਤ ਐਂਟਰੀਆਂ ਬੰਦ ਕਰਨ, ਟ੍ਰੈਫਿਕ ਪ੍ਰਬੰਧ ਸੁਧਾਰਨ ਅਤੇ ਸੀਵਰੇਜ ਸਮੱਸਿਆ ਦਾ ਪੱਕਾ ਹੱਲ ਕੱਢਣ ਲਈ ਕਿਹਾ। ਬੇਦੀ ਨੇ ਦੁਹਰਾਇਆ ਕਿ ਜੇ ਸਮੱਸਿਆ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਸਥਾਨਕ ਲੋਕਾਂ ਨਾਲ ਮਿਲ ਕੇ ਸੰਘਰਸ਼ ਕੀਤਾ ਜਾਵੇਗਾ।