ਗੁਰੂ ਸਾਹਿਬਾਨ ਬਾਰੇ ਟਿੱਪਣੀ 'ਤੇ ਭੜਕੀ ਸਿੱਖ ਕੌਮ: ਕਰਨੈਲ ਸਿੰਘ ਪੀਰ ਮੁਹੰਮਦ ਨੇ ਆਤਿਸ਼ੀ ਨੂੰ ਦਿੱਤੀ ਸਖ਼ਤ ਚਿਤਾਵਨੀ
ਸ. ਪੀਰ ਮੁਹੰਮਦ ਨੇ ਸਖ਼ਤ ਸ਼ਬਦਾਂ 'ਚ ਕਿਹਾ, ਮੁੱਖ ਮੰਤਰੀ ਆਤਿਸ਼ੀ ਨੂੰ ਸ਼ਾਇਦ ਸਿੱਖ ਇਤਿਹਾਸ ਦਾ ਗਿਆਨ ਨਹੀਂ ਹੈ। ਜਿਸ ਦਿੱਲੀ ਦੀ ਕੁਰਸੀ 'ਤੇ ਉਹ ਬੈਠੇ ਹਨ, ਉਸ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਮਜ਼ਲੂਮਾਂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ ਸੀ।
Publish Date: Thu, 08 Jan 2026 01:54 PM (IST)
Updated Date: Thu, 08 Jan 2026 02:03 PM (IST)
ਜੈ ਸਿੰਘ ਛਿੱਬਰ,ਚੰਡੀਗੜ੍ਹ: ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਅੱਜ ਇੱਕ ਵਿਸ਼ੇਸ਼ ਪ੍ਰੈਸ ਬਿਆਨ ਜਾਰੀ ਕਰਦਿਆਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਵਿਧਾਨ ਸਭਾ ਵਿੱਚ ਗੁਰੂ ਸਾਹਿਬਾਨ ਬਾਰੇ ਕੀਤੀ ਗਈ ਕਥਿਤ ਅਪਮਾਨਜਨਕ ਅਤੇ ਘਟੀਆ ਟਿੱਪਣੀ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ ਸੰਵਿਧਾਨਕ ਅਹੁਦੇ 'ਤੇ ਬੈਠੀ ਰਹੀ ਸ਼ਖ਼ਸੀਅਤ ਵੱਲੋਂ ਅਜਿਹੀ ਨੀਵੀਂ ਪੱਧਰ ਦੀ ਭਾਸ਼ਾ ਵਰਤਣਾ ਉਨ੍ਹਾਂ ਦੀ ਮਾਨਸਿਕ ਕੰਗਾਲੀ ਦਾ ਪ੍ਰਤੀਕ ਹੈ। ਆਤਿਸੀ ਦਾ ਇਹ ਕਹਿਣਾ ਜਾਨਵਰਾ ਦਾ ਸਤਿਕਾਰ ਕਰੋ ਗੁਰੂਆ ਦਾ ਸਤਿਕਾਰ ਕਰੋ ਅਤਿ ਨੀਵੇਂ ਦਰਜੇ ਦੀ ਮਾਨਸਿਕਤਾ ਹੈ।
ਸ. ਪੀਰ ਮੁਹੰਮਦ ਨੇ ਸਖ਼ਤ ਸ਼ਬਦਾਂ 'ਚ ਕਿਹਾ, ਮੁੱਖ ਮੰਤਰੀ ਆਤਿਸ਼ੀ ਨੂੰ ਸ਼ਾਇਦ ਸਿੱਖ ਇਤਿਹਾਸ ਦਾ ਗਿਆਨ ਨਹੀਂ ਹੈ। ਜਿਸ ਦਿੱਲੀ ਦੀ ਕੁਰਸੀ 'ਤੇ ਉਹ ਬੈਠੇ ਹਨ, ਉਸ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਮਜ਼ਲੂਮਾਂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ ਸੀ। ਗੁਰੂ ਸਾਹਿਬਾਨ ਬਾਰੇ ਭੱਦੀ ਸ਼ਬਦਾਵਲੀ ਵਰਤ ਕੇ ਆਤਿਸ਼ੀ ਨੇ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਅਸੀਂ ਇਹ ਅਪਮਾਨ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ।"
ਬਿਆਨ ਦੇ ਮੁੱਖ ਨੁਕਤੇ
- ਬਿਨਾਂ ਸ਼ਰਤ ਮਾਫੀ ਮੰਗੇ ਆਤਿਸੀ : ਸ. ਪੀਰ ਮੁਹੰਮਦ ਨੇ ਕਿਹਾ ਕਿ ਆਤਿਸ਼ੀ ਤੁਰੰਤ ਸਮੁੱਚੀ ਸਿੱਖ ਕੌਮ ਤੋਂ ਜਨਤਕ ਤੌਰ 'ਤੇ ਮਾਫੀ ਮੰਗਣ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਨੂੰ ਇਸ ਦਾ ਗੰਭੀਰ ਖਮਿਆਜ਼ਾ ਭੁਗਤਣਾ ਪਵੇਗਾ।
- ਸਪੱਸ਼ਟ ਚਿਤਾਵਨੀ: "ਸਾਡਾ ਕਿਸੇ ਵੀ ਧਰਮ ਜਾਂ ਵਰਗ ਨਾਲ ਕੋਈ ਟਕਰਾਅ ਨਹੀਂ ਹੈ ਪਰ ਜੇਕਰ ਕੋਈ ਸਾਡੇ ਗੁਰੂਆਂ ਦੀ ਸ਼ਾਨ ਵਿੱਚ ਗੁਸਤਾਖ਼ੀ ਕਰੇਗਾ ਤਾਂ ਉਸਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਸਾਬਕਾ ਮੁੱਖ ਮੰਤਰੀ ਆਤਿਸ਼ੀ ਆਪਣੀ ਹੱਦ ਵਿੱਚ ਰਹਿਣ।''
- ਵਿੱਦਿਅਕ ਸੰਦੇਸ਼: ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰਿਆਂ ਵਿੱਚ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਕਿ ਸਾਰੇ ਧਰਮਾਂ ਦਾ ਸਤਿਕਾਰ ਕਰੋ ਪਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੂੰ ਅਜਿਹੀ ਮੁੱਢਲੀ ਸਿੱਖਿਆ ਦੀ ਵੱਡੀ ਲੋੜ ਹੈ।
ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਅਖੀਰ ਵਿੱਚ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਇਸ ਮਾਮਲੇ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਉਠਾਏਗੀ ਅਤੇ ਆਤਿਸ਼ੀ ਵਿਰੁੱਧ ਕਾਨੂੰਨੀ ਕਾਰਵਾਈ ਲਈ ਚਾਰਾਜੋਈ ਕੀਤੀ ਜਾਵੇਗੀ।