ਮਿੱਟੀ ਨਾ ਚੁਕਵਾਉਣ ਕਾਰਨ ਸ਼ੋਅਰੂਮ ਮਾਲਕ ਪਰੇਸ਼ਾਨ
ਪਾਈਪਾਂ ਪਾਉਣ ਮਗਰੋਂ ਪੁਟਾਈ ਦੀ ਮਿੱਟੀ ਨਾ ਚੁਕਵਾਉਣ ਕਾਰਨ ਸ਼ੋਅਰੂਮ ਮਾਲਕ ਪਰੇਸ਼ਾਨ
Publish Date: Sat, 03 Jan 2026 07:07 PM (IST)
Updated Date: Sun, 04 Jan 2026 04:12 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਫੇਜ਼-11 ਦੇ ਸ਼ੋਅਰੂਮਾਂ ਦੇ ਸਾਹਮਣੇ ਸੜਕ ਕਿਨਾਰੇ ਪਾਈਪਾਂ ਪਾਉਣ ਲਈ ਕੀਤੀ ਗਈ ਖ਼ੁਦਾਈ ਹੁਣ ਦੁਕਾਨਦਾਰਾਂ ਤੇ ਆਮ ਲੋਕਾਂ ਲਈ ਵੱਡੀ ਮੁਸੀਬਤ ਬਣ ਗਈ ਹੈ। ਠੇਕੇਦਾਰ ਵੱਲੋਂ ਪਾਈਪਾਂ ਪਾਉਣ ਤੋਂ ਬਾਅਦ ਵਾਧੂ ਮਿੱਟੀ ਨਾ ਚੁੱਕੇ ਜਾਣ ਅਤੇ ਪਾਰਕਿੰਗ ਦੀ ਮੁਰੰਮਤ ਨਾ ਕਰਵਾਉਣ ਕਾਰਨ ਮਾਰਕੀਟ ਦਾ ਬੁਰਾ ਹਾਲ ਹੈ। ਦੁਕਾਨਦਾਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਬੀਤੀ 1 ਜਨਵਰੀ ਨੂੰ ਹੋਈ ਹਲਕੀ ਬਾਰਿਸ਼ ਨੇ ਹੀ ਇਸ ਪੂਰੇ ਇਲਾਕੇ ਨੂੰ ਦਲਦਲ ’ਚ ਤਬਦੀਲ ਕਰ ਦਿੱਤਾ ਹੈ। ਖ਼ਾਸ ਕਰ ਕੇ ਸ਼ੋਅਰੂਮ ਨੰਬਰ 85 ਤੋਂ ਲੈ ਕੇ ਮੰਦਰ ਵਾਲੇ ਪਾਸੇ ਤੱਕ ਹਾਲਤ ਬੇਹੱਦ ਖ਼ਰਾਬ ਹੈ। ਇੱਥੇ ਪਾਣੀ ਖੜ੍ਹਾ ਹੋਣ ਤੇ ਮਿੱਟੀ ਕਾਰਨ ਪੈਦਾ ਹੋਈ ਦਲਦਲ ਵਿਚ ਗੱਡੀਆਂ ਚੱਲਣੀਆਂ ਵੀ ਦੁੱਭਰ ਹੋ ਗਈਆਂ ਹਨ। ਦੁਕਾਨਦਾਰਾਂ ਅਨੁਸਾਰ, ਗਾਹਕਾਂ ਦਾ ਆਉਣਾ ਤਾਂ ਦੂਰ ਦੀ ਗੱਲ, ਹੁਣ ਸਾਡਾ ਆਪਣਾ ਸ਼ੋਅਰੂਮਾਂ ਤੱਕ ਪਹੁੰਚਣਾ ਵੀ ਔਖਾ ਹੋ ਗਿਆ ਹੈ। ਇਸ ਗੰਭੀਰ ਸਮੱਸਿਆ ਨੂੰ ਦੇਖਦਿਆਂ ਫੇਜ਼-11 ਦੇ ਸਮਾਜਸੇਵੀ ਆਗੂ ਕੈਪਟਨ ਕਰਨੈਲ ਸਿੰਘ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਦਖ਼ਲ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੁਰੰਤ ਇੱਥੇ ਪਾਣੀ ਦੀ ਨਿਕਾਸੀ ਦਾ ਪੁਖ਼ਤਾ ਪ੍ਰਬੰਧ ਕਰੇ ਤੇ ਸੜਕ ਕਿਨਾਰੇ ਪਈ ਮਿੱਟੀ ਨੂੰ ਚੁਕਵਾ ਕੇ ਸ਼ੋਅਰੂਮਾਂ ਦੇ ਸਾਹਮਣੇ ਪੱਕੀ ਪਾਰਕਿੰਗ ਬਣਵਾਈ ਜਾਵੇ, ਤਾਂ ਜੋ ਕਾਰੋਬਾਰੀਆਂ ਤੇ ਲੋਕਾਂ ਨੂੰ ਰਾਹਤ ਮਿਲ ਸਕੇ।