ਲਿਫਟ ਦੇਣੀ ਪਈ ਮਹਿੰਗੀ, ਚੇਨ ਝਪਟ ਕੇ ਲੁਟੇਰੇ ਫ਼ਰਾਰ
ਇਨਸਾਨੀਅਤ ਦਿਖਾਉਣਾ ਪਿਆ ਮਹਿੰਗਾ: ਲਿਫਟ ਲੈ ਕੇ ਸੋਨੇ ਦੀ ਚੇਨ ਝਪਟ ਕੇ ਫ਼ਰਾਰ ਹੋਏ ਲੁਟੇਰੇ, ਕੇਸ ਦਰਜ
Publish Date: Mon, 16 Feb 2026 08:56 PM (IST)
Updated Date: Mon, 16 Feb 2026 09:00 PM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਦੇ ਪਟਿਆਲਾ ਚੌਕ ਨੇੜੇ ਰਾਤ ਦੇ ਸਮੇਂ ਇਨਸਾਨੀਅਤ ਦਿਖਾ ਕੇ ਲਿਫਟ ਦੇਣਾ ਇਕ ਨੌਜਵਾਨ ਨੂੰ ਉਸ ਵੇਲੇ ਮਹਿੰਗਾ ਪੈ ਗਿਆ, ਜਦੋਂ ਲਿਫਟ ਲੈਣ ਵਾਲੇ ਦੋ ਨੌਜਵਾਨਾਂ ਨੇ ਉਸ ਦੀ ਸੋਨੇ ਦੀ ਚੇਨ ਝਪਟ ਲਈ। ਘਟਨਾ ਰਾਤ ਕਰੀਬ ਪੌਣੇ 12 ਵਜੇ ਦੀ ਦੱਸੀ ਜਾ ਰਹੀ ਹੈ। ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤ ਗੁਰਪ੍ਰੀਤ ਸਿੰਘ ਵਾਸੀ ਪ੍ਰੈਸਟਿਜ ਟਾਵਰ, ਸੈਕਟਰ-117, ਐੱਸਏਐੱਸ ਨਗਰ ਨੇ ਦੱਸਿਆ ਕਿ ਉਹ 15 ਫਰਵਰੀ ਨੂੰ ਕਿਸੇ ਨਿੱਜੀ ਕੰਮ ਲਈ ਅੰਬਾਲਾ ਗਿਆ ਸੀ। ਰਾਤ ਨੂੰ ਵਾਪਸੀ ਦੌਰਾਨ ਜਦੋਂ ਉਹ ਅੰਬਾਲਾ ਬੱਸ ਸਟੈਂਡ ਨੇੜੇ ਪਹੁੰਚਿਆ ਤਾਂ ਦੋ ਨੌਜਵਾਨਾਂ ਨੇ ਹੱਥ ਦੇ ਕੇ ਗੱਡੀ ਰੋਕੀ ਅਤੇ ਜ਼ੀਰਕਪੁਰ ਤਕ ਲਿਫਟ ਮੰਗੀ। ਗੁਰਪ੍ਰੀਤ ਨੇ ਇਨਸਾਨੀਅਤ ਦੇ ਨਾਤੇ ਉਨ੍ਹਾਂ ਨੂੰ ਆਪਣੀ ਗੱਡੀ ਵਿਚ ਬਿਠਾ ਲਿਆ। ਸ਼ਿਕਾਇਤ ਅਨੁਸਾਰ ਜਦੋਂ ਗੁਰਪ੍ਰੀਤ ਪਟਿਆਲਾ ਚੌਕ ਤੋਂ ਥੋੜ੍ਹਾ ਅੱਗੇ ਉਨ੍ਹਾਂ ਨੂੰ ਉਤਾਰਨ ਲੱਗਾ, ਤਾਂ ਇਕ ਨੌਜਵਾਨ ਨੇ ਅਚਾਨਕ ਗੁਰਪ੍ਰੀਤ ਦੀਆਂ ਬਾਂਹਾਂ ਫੜ ਕੇ ਉਸ ਨੂੰ ਕਾਬੂ ਕਰ ਲਿਆ, ਜਦਕਿ ਦੂਜੇ ਨੇ ਉਸ ਦੇ ਗਲ ਵਿਚ ਪਾਈ ਕਰੀਬ ਦੋ ਤੋਲੇ ਦੀ ਸੋਨੇ ਦੀ ਚੇਨ ਅਤੇ ਲਾਕੇਟ ਝਪਟ ਲਿਆ। ਚੇਨ ਖੋਹਣ ਤੋਂ ਬਾਅਦ ਜਦੋਂ ਲੁਟੇਰੇ ਭੱਜਣ ਲੱਗੇ ਤਾਂ ਗੁਰਪ੍ਰੀਤ ਨੇ ਰੌਲਾ ਪਾ ਦਿੱਤਾ। ਸ਼ੋਰ ਸੁਣ ਕੇ ਇਕੱਠੇ ਹੋਏ ਰਾਹਗੀਰਾਂ ਨੇ ਇਕ ਨੌਜਵਾਨ ਨੂੰ ਫੜਨ ਦੀ ਕੋਸ਼ਿਸ਼ ਕੀਤੀ ਅਤੇ ਕੁਝ ਦੇਰ ਲਈ ਉਸ ਨੂੰ ਕਾਬੂ ਵੀ ਕਰ ਲਿਆ, ਪਰ ਉਹ ਚਕਮਾ ਦੇ ਕੇ ਭੱਜਣ ਵਿਚ ਕਾਮਯਾਬ ਹੋ ਗਿਆ। ਪੀੜਤ ਅਨੁਸਾਰ ਮੁਲਜ਼ਮਾਂ ਦੀ ਪਛਾਣ ਰਵਿੰਦਰ ਅਤੇ ਗੌਰਵ ਵਜੋਂ ਹੋਈ ਹੈ ਅਤੇ ਉਸ ਨੇ ਦਾਅਵਾ ਕੀਤਾ ਕਿ ਸਾਹਮਣੇ ਆਉਣ ਤੇ ਉਹ ਉਨ੍ਹਾਂ ਨੂੰ ਪਛਾਣ ਸਕਦਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲਦਿਆਂ ਹੀ ਮਾਮਲਾ ਦਰਜ ਕਰ ਲਿਆ ਗਿਆ ਹੈ। ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦੇ ਭੱਜਣ ਦੇ ਰਸਤੇ ਦਾ ਪਤਾ ਲਗਾਇਆ ਜਾ ਸਕੇ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।