ਸ਼ਿਵਾ ਚੈਰੀਟੇਬਲ ਸੇਵਾ ਸੁਸਾਇਟੀ ਵੱਲੋਂ ਲੰਗਰ ਦੀ ਸੇਵਾ
ਸ਼ਿਵਾ ਚੈਰੀਟੇਬਲ ਸੇਵਾ ਸੁਸਾਇਟੀ ਵੱਲੋਂ ਲੰਗਰ ਦੀ ਸੇਵਾ
Publish Date: Mon, 05 Jan 2026 06:59 PM (IST)
Updated Date: Mon, 05 Jan 2026 07:02 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਪੰਡਤ ਨਰੇਸ਼ ਚੰਚਲ ਵੱਲੋਂ ਆਪਣੇ ਜੀਵਨ ਦੌਰਾਨ ਚਲਾਏ ਗਏ ਧਾਰਮਿਕ ਤੇ ਸਮਾਜ ਸੇਵੀ ਅਭਿਆਨ ਨੂੰ ਅੱਗੇ ਵਧਾਉਂਦੇ ਹੋਏ ਸ਼ਿਵਾ ਚੈਰੀਟੇਬਲ ਸੇਵਾ ਸੁਸਾਇਟੀ ਵੱਲੋਂ ਗੁਲਾਬਗੜ੍ਹ ਰੋਡ ਸਥਿਤ ਗਿੱਲ ਕਾਲੋਨੀ ਦੇ ਸਾਹਮਣੇ ਚਾਹ, ਬਰੈੱਡ ਅਤੇ ਰਸ ਦਾ ਲੰਗਰ ਲਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਅਤੇ ਸਥਾਨਕ ਵਸਨੀਕਾਂ ਨੇ ਲੰਗਰ ਪ੍ਰਾਪਤ ਕਰਕੇ ਪੁੰਨ ਦਾ ਲਾਹਾ ਲਿਆ। ਪੰਡਤ ਨਰੇਸ਼ ਚੰਚਲ ਨੇ ਆਪਣੇ ਪੂਰੇ ਜੀਵਨ ਦਾ ਵੱਡਾ ਹਿੱਸਾ ਧਰਮ ਅਤੇ ਪ੍ਰਭੂ ਦੀ ਭਗਤੀ ਨੂੰ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਵੱਲੋਂ ਆਪਣੇ ਜੀਵਨ ਕਾਲ ਦੌਰਾਨ ਮੁਹਾਲੀ ਜ਼ਿਲ੍ਹੇ ਸਮੇਤ ਡੇਰਾਬੱਸੀ ਖੇਤਰ ਵਿਚ 76 ਗਾਇਤਰੀ 11 ਕੁੰਡੀ ਅਤੇ 21 ਕੁੰਡੀ ਯੱਗਾਂ ਸਮੇਤ ਅਨੇਕਾਂ ਧਾਰਮਿਕ ਕਾਰਜ ਕਰਵਾਏ ਗਏ, ਜੋ ਅੱਜ ਵੀ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਹਨ। ਪੰਡਤ ਜੀ ਨੂੰ ਪਸ਼ੂ–ਪੰਛੀਆਂ ਨਾਲ ਖ਼ਾਸ ਲਗਾਓ ਸੀ, ਜਿਸ ਕਾਰਨ ਉਹ ਗਊਸ਼ਾਲਾਵਾਂ ਨਾਲ ਜੁੜੇ ਰਹੇ। ਉਨ੍ਹਾਂ ਵੱਲੋਂ ਜੈਨ ਮੁਨੀ ਗੋਸ਼ਾਲਾ ਧਨੌਨੀ, ਡੇਰਾਬੱਸੀ ਵਿਚ ਹਰ ਅਮਾਵਸਿਆ ਦੇ ਦਿਨ ਮਹਾਯੱਗ ਕਰਵਾਇਆ ਜਾਂਦਾ ਸੀ, ਜੋ ਅੱਜ ਵੀ ਲਗਾਤਾਰ ਜਾਰੀ ਹੈ। ਉਹ ਇਕ ਬਹੁਤ ਹੀ ਸਾਦੇ, ਦਇਆਲੂ ਅਤੇ ਮਨੁੱਖਤਾ ਨੂੰ ਸਮਰਪਿਤ ਵਿਅਕਤੀ ਸਨ। ਸਮਾਜ ਸੇਵਾ ਦੇ ਖੇਤਰ ਵਿਚ ਵੀ ਪੰਡਤ ਨਰੇਸ਼ ਚੰਚਲ ਜੀ ਦਾ ਯੋਗਦਾਨ ਅਮੁੱਲਕ ਰਿਹਾ। ਉਨ੍ਹਾਂ ਵੱਲੋਂ ਗਰੀਬ ਅਤੇ ਲੋੜਵੰਦ ਬੱਚਿਆਂ ਦੀ ਸਿੱਖਿਆ ਲਈ ਮੁਫ਼ਤ ਕਿਤਾਬਾਂ, ਮੁਫ਼ਤ ਪੜ੍ਹਾਈ ਅਤੇ ਬਾਲ ਸੰਸਕਾਰ ਕੇਂਦਰਾਂ ਦੀ ਸਥਾਪਨਾ ਕਰਵਾਈ ਗਈ, ਤਾਂ ਜੋ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਸੰਸਕਾਰ ਮਿਲ ਸਕਣ। ਪੰਡਤ ਜੀ ਮਨੁੱਖਤਾ ਦੀ ਸੇਵਾ ਲਈ ਸ਼ਿਵਾ ਚੈਰੀਟੇਬਲ ਸੇਵਾ ਸੁਸਾਇਟੀ ਅਤੇ ਸੇਵਾ ਭਾਰਤੀ ਨਾਲ ਵੀ ਜੁੜੇ ਰਹੇ ਅਤੇ ਸਮੇਂ-ਸਮੇਂ ’ਤੇ ਸੰਗਠਨਾਂ ਨੂੰ ਆਪਣਾ ਮਾਰਗਦਰਸ਼ਨ ਦਿੰਦੇ ਰਹੇ। ਇਸ ਮੌਕੇ ਸੁਸਾਇਟੀ ਤੋਂ ਸੰਜੇ ਕੁਮਾਰ, ਸਤਨਾਮ ਸਿੰਘ, ਅਨੀਲ ਚੌਧਰੀ, ਨਿਤੀਨ ਭਗਤ, ਅਭਿਸ਼ੇਕ ਚੌਹਾਨ, ਮਹਿਪਾਲ ਸਿੰਘ, ਸਮਸਾਦ, ਨਰੇਸ਼ ਚੰਦਰਾ, ਰਿੰਕੂ ਸਿੰਘ, ਚੰਦਨ ਸਿੰਘ, ਸੁਮਨ ਰਾਏ, ਅੰਮ੍ਰਿਤ ਲਾਲ, ਦਿਲਜੀਤ ਸਿੰਘ, ਅੰਕਿਤ ਅਤੇ ਸਾਰੇ ਮੈਂਬਰਾਂ ਵੱਲੋਂ ਪਰਮਾਤਮਾ ਅੱਗੇ ਪੰਡਿਤ ਨਰੇਸ਼ ਚੰਚਲ ਜੀ ਦੀ ਆਤਮਾ ਦੀ ਸ਼ਾਂਤੀ ਅਤੇ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਥਾਂ ਦੇਣ ਲਈ ਅਰਦਾਸ ਕੀਤੀ ਗਈ। ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਪਵਨ ਧੀਮਾਨ (ਪੰਮਾ), ਸਾਬਕਾ ਮੰਡਲ ਪ੍ਰਧਾਨ ਰਾਕੇਸ਼ ਮਹਿਤਾ, ਹੈਪੀ ਕੋਸ਼ਲ ਅਤੇ ਦਿਨੇਸ਼ ਵੈਸ਼ਨਵ ਸਮੇਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ।