ਬੰਬ ਧਮਾਕੇ ਦੀ ਸ਼ਿਵ ਸੈਨਾ ਹਿੰਦ ਵੱਲੋਂ ਸਖ਼ਤ ਨਿਖੇਧੀ
ਬੰਬ ਧਮਾਕੇ ਦੀ ਸ਼ਿਵ ਸੈਨਾ ਹਿੰਦ ਵੱਲੋਂ ਸਖ਼ਤ ਨਿੰਦਾ,
Publish Date: Mon, 06 Apr 2026 08:20 PM (IST)
Updated Date: Mon, 06 Apr 2026 08:22 PM (IST)

ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਭਾਰਤੀ ਜਨਤਾ ਪਾਰਟੀ ਦੇ ਪੰਜਾਬ-ਚੰਡੀਗੜ੍ਹ ਸਥਿਤ ਖੇਤਰੀ ਦਫ਼ਤਰ ਦੇ ਬਾਹਰ ਹੋਏ ਬੰਬ ਧਮਾਕੇ ਦੀ ਘਟਨਾ ਨੇ ਸੂਬੇ ਦੀ ਰਾਜਨੀਤੀ ਅਤੇ ਸੁਰੱਖਿਆ ਵਿਵਸਥਾ ਵਿਚ ਹਲਚਲ ਪੈਦਾ ਕਰ ਦਿੱਤੀ ਹੈ। ਜ਼ੀਰਕਪੁਰ ਵਿਖੇ ਕੀਤੀ ਗਈ ਪ੍ਰੈੱਸ ਮਿਲਣੀ ਦੌਰਾਨ ਇਸ ਕਾਇਰਾਨਾ ਹਮਲੇ ਨੂੰ ਲੈ ਕੇ ‘ਸ਼ਿਵ ਸੈਨਾ ਹਿੰਦ’ ਨੇ ਸਖ਼ਤ ਰੋਸ ਪ੍ਰਗਟ ਕੀਤਾ ਹੈ। ਜਥੇਬੰਦੀ ਨੇ ਇਸ ਨੂੰ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਇੱਕ ਡੂੰਘੀ ਅਤੇ ਯੋਜਨਾਬੱਧ ਸਾਜਿਸ਼ ਕਰਾਰ ਦਿੱਤਾ ਹੈ। ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਾ ਜਾਵੇ : ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੇ ਹਮਲਿਆਂ ਦਾ ਮੁੱਖ ਮਕਸਦ ਜਨਤਾ ਦੇ ਮਨਾਂ ਵਿਚ ਡਰ ਪੈਦਾ ਕਰਨਾ ਅਤੇ ਵਿਕਾਸ ਦੀ ਰਫ਼ਤਾਰ ਨੂੰ ਰੋਕਣਾ ਹੈ। ਉਨ੍ਹਾਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਘਟਨਾ ਦੇ ਪਿੱਛੇ ਛਿਪੇ ਸਮਾਜ ਵਿਰੋਧੀ ਅਨਸਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਦੇਸ਼ ਧ੍ਰੋਹ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਦੀ ਧਰਤੀ ’ਤੇ ਅੱਤਵਾਦ ਅਤੇ ਹਿੰਸਾ ਲਈ ਕੋਈ ਥਾਂ ਨਹੀਂ ਹੈ। ਗੈਂਗਸਟਰਵਾਦ ਅਤੇ ਫਿਰੌਤੀ ’ਤੇ ਜਤਾਈ ਚਿੰਤਾ : ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਕੌਮੀ ਜਨਰਲ ਸਕੱਤਰ ਦੀਪਾਂਸ਼ੂ ਸੂਦ ਨੇ ਸੂਬੇ ਦੀ ਕਾਨੂੰਨ ਵਿਵਸਥਾ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਅੱਜ ਪੰਜਾਬ ਵਿਚ ਗੈਂਗਸਟਰਵਾਦ ਅਤੇ ਅੱਤਵਾਦ ਇਕ ਗੰਭੀਰ ਚੁਣੌਤੀ ਬਣ ਚੁੱਕੇ ਹਨ। ਸੂਦ ਨੇ ਕਿਹਾ ਕਿ ਵਪਾਰੀਆਂ ਤੋਂ ਫਿਰੌਤੀ ਮੰਗਣਾ ਅਤੇ ਕਬੱਡੀ ਖਿਡਾਰੀਆਂ ਦੇ ਸ਼ਰੇਆਮ ਕਤਲ ਕਰਨਾ ਸੂਬੇ ਲਈ ਬੇਹੱਦ ਚਿੰਤਾਜਨਕ ਹੈ। ਇਨ੍ਹਾਂ ਘਟਨਾਵਾਂ ਕਾਰਨ ਆਮ ਆਦਮੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਦੀਪਾਂਸ਼ੂ ਸੂਦ ਨੇ ਐਲਾਨ ਕੀਤਾ ਕਿ ਜਥੇਬੰਦੀ ਜਲਦੀ ਹੀ ਪੂਰੇ ਸੂਬੇ ਵਿਚ ਮੁਹਿੰਮ ਸ਼ੁਰੂ ਕਰੇਗੀ। ਇਸ ਮੁਹਿੰਮ ਤਹਿਤ ਸ਼ਿਵ ਸੈਨਾ ਹਿੰਦ ਦੇ ਅਹੁਦੇਦਾਰ ਹਰ ਜ਼ਿਲ੍ਹੇ ਵਿਚ ਜਾ ਕੇ ਵਪਾਰੀਆਂ ਅਤੇ ਆਮ ਜਨਤਾ ਨਾਲ ਮੁਲਾਕਾਤ ਕਰਨਗੇ ਤਾਂ ਜੋ ਉਨ੍ਹਾਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਜਾ ਸਕੇ। ਨਿਸ਼ਾਂਤ ਸ਼ਰਮਾ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਤਾਕਤਾਂ ਖ਼ਿਲਾਫ਼ ਇੱਕਜੁੱਟ ਹੋਣ। ਇਸ ਮੌਕੇ ਕੁਸ਼ਪ੍ਰੀਤ ਲੱਡੀ ਉਪ ਪ੍ਰਧਾਨ, ਦੀਪਕ ਸ਼ਰਮਾ ਪੰਜਾਬ ਉਪ ਪ੍ਰਧਾਨ ਯੁਵਾ, ਦਮਨ ਸ਼ਰਮਾ, ਹਰਸ਼ਿਤ, ਗੌਰਵ, ਰਾਹੁਲ ਅਤੇ ਨਿਖਿਲ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ। ਜਥੇਬੰਦੀ ਨੇ ਸੰਕਲਪ ਦੁਹਰਾਇਆ ਕਿ ਜਦੋਂ ਤੱਕ ਪੰਜਾਬ ਭੈਅ-ਮੁਕਤ ਨਹੀਂ ਹੋ ਜਾਂਦਾ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।