ਸ਼ੈੱਲਟਰ ਨੇ ਸਕੂਲ ’ਚ ਸਾਫ਼ ਪਾਣੀ ਲਈ ਲਗਵਾਈ ਮੋਟਰ : ਡਾ. ਮੁਲਤਾਨੀ
ਸ਼ੈੱਲਟਰ ਨੇ ਸਕੂਲ ’ਚ ਸਾਫ਼ ਪਾਣੀ ਲਈ ਲਗਵਾਈ ਮੋਟਰ : ਡਾ. ਮੁਲਤਾਨੀ
Publish Date: Mon, 16 Mar 2026 05:44 PM (IST)
Updated Date: Mon, 16 Mar 2026 05:46 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ ਲਾਲੜੂ : ਸਮਾਜ ਸੇਵੀ ਸੰਸਥਾ ਸ਼ੈੱਲਟਰ ਚੈਰੀਟੇਬਲ ਟਰੱਸਟ ਲਾਲੜੂ ਵੱਲੋਂ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਪਿਛਲੇ ਤੀਹ ਸਾਲਾ ਤੋਂ ਚੱਲਦੀ ਸਹਿਯੋਗ ਮੁਹਿੰਮ ਤਹਿਤ ਸਰਕਾਰੀ ਸਕੂਲ ਬਸੌਲੀ ਵਿਖੇ ਦੋ ਹਾਰਸ ਪਾਵਰ ਦੀ ਮੋਟਰ ਲਗਵਾ ਕੇ ਸਾਫ਼ ਪਾਣੀ ਦਾ ਪ੍ਰਬੰਧ ਕਰਵਾਇਆ ਗਿਆ। ਡਾ. ਮੁਲਤਾਨੀ ਨੇ ਦੱਸਿਆ ਕਿ ਸਰਕਾਰੀ ਸਕੂਲ ਬਸੌਲੀ ਵਿਚ ਪੀਣ ਵਾਲੇ ਸਾਫ਼ ਪਾਣੀ ਅਤੇ ਬੂਟਿਆਂ, ਘਾਹ ਆਦਿ ਦੇ ਰੱਖ-ਰੱਖਾਅ ਲਈ ਵੱਡੀ ਮੁਸ਼ਕਿਲ ਸੀ, ਜੋ ਹੁਣ ਪੂਰੀ ਹੋ ਗਈ ਹੈ। ਸਕੂਲ ਦੇ ਸਟਾਫ਼ ਅਤੇ ਸਰਪੰਚ ਨੇ ਸ਼ੈੱਲਟਰ ਚੈਰੀਟੇਬਲ ਟਰੱਸਟ ਵੱਲੋਂ ਸਕੂਲ ਲਈ ਕੀਤੀ ਸੇਵਾ ਦਾ ਧੰਨਵਾਦ ਕੀਤਾ। ਡਾ. ਮੁਲਤਾਨੀ ਸਿਵਲ ਸਰਜਨ ਅਤੇ ਸੰਸਥਾ ਦੇ ਪ੍ਰਧਾਨ ਨੇ ਦੱਸਿਆ ਕਿ ਸਾਫ਼ ਪਾਣੀ ਲਈ ਸ਼ੈੱਲਟਰ ਵੱਲੋਂ ਕਈ ਸਰਕਾਰੀ ਸਕੂਲਾਂ ਨੂੰ ਸਬਮਰਸੀਬਲ ਅਤੇ ਆਰਓ ਪਹਿਲਾਂ ਵੀ ਦਿੱਤੇ ਗਏ ਹਨ ਤਾਂ ਕਿ ਬੱਚਿਆਂ ਦੀ ਸਿਹਤ ਤੰਦਰੁਸਤ ਰਹੇ। ਸ਼ੈੱਲਟਰ ਵੱਲੋਂ ਸੁਰੱਖਿਅਤ ਸਕੂਲਾਂ ਲਈ ਚਲਾਈ ਮੁਹਿੰਮ ਤਹਿਤ ਡੇਰਾਬੱਸੀ ਬਲਾਕ ਦੇ ਤਕਰੀਬਨ ਸਾਰੇ ਸਕੂਲਾਂ ਅਤੇ ਕਈ ਹੋਰ ਬਲਾਕਾਂ ਦੇ ਸਕੂਲਾਂ ਨੂੰ ਧੂੰਆਂ ਮੁਕਤੀ ਲਈ ਸਾਮਾਨ ਦਿੱਤਾ ਜਾ ਚੁੱਕਿਆ। ਇਸ ਮੌਕੇ ਡਾ. ਮੁਲਤਾਨੀ ਨੇ ਕਿਹਾ ਕਿ ਲੋੜਵੰਦ ਸਕੂਲਾਂ ਵਿਚ ਇਹ ਸੇਵਾਵਾਂ ਭਵਿੱਖ ਵਿਚ ਵੀ ਚਲਦੀਆਂ ਰਹਿਣਗੀਆਂ। ਡਾ. ਮੁਲਤਾਨੀ ਨੇ ਦੱਸਿਆ ਕਿ ਸਰਕਾਰ ਵੱਲੋਂ ਬੱਚਿਆਂ ਲਈ ਸਾਫ਼ ਹਵਾ, ਪਾਣੀ, ਰੋਸ਼ਨੀ ਅਤੇ ਖੇਡ ਮੈਦਾਨ ਦੇ ਪ੍ਰਬੰਧਾਂ ਨੂੰ ਪ੍ਰਾਥਮਿਕਤਾ ਦੇਣੀ ਚਾਹੀਦੀ ਪਰ ਸਰਕਾਰ ਦਾ ਇਨ੍ਹਾਂ ਗੱਲਾਂ ਵੱਲ ਬਹੁਤਾ ਧਿਆਨ ਨਹੀਂ ਹੈ। ਡਾ. ਮੁਲਤਾਨੀ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਪ੍ਰਾਇਮਰੀ ਸਕੂਲਾਂ ਨੂੰ ਵੱਧ ਤੋਂ ਵੱਧ ਮਿਆਰੀ ਸਿੱਖਿਆ ਲਈ ਸਹੂਲਤਾਂ ਦਿੱਤੀਆਂ ਜਾਣ, ਕਿਉਂਕਿ ਜੇਕਰ ਬੱਚਿਆਂ ਦੀ ਪੜ੍ਹਾਈ ਦੀ ਜੜ੍ਹ ਪੱਕੀ ਬਣ ਗਈ ਤਾਂ ਅਗਲੀ ਪੜ੍ਹਾਈ ਸੌਖੀ ਹੋ ਜਾਂਦੀ। ਡਾ. ਮੁਲਤਾਨੀ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ, ਦੇਸ਼ ਦੇ ਵਸਨੀਕਾਂ ਦੀ ਸਿੱਖਿਆ ਅਤੇ ਸਿਹਤ ’ਤੇ ਨਿਰਭਰ ਕਰਦੀ ਪਰ ਭਾਰਤ ’ਚ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਕਈ ਥਾਵਾਂ ਪੱਛੜਿਆ ਹੋਇਆ ਨਜ਼ਰ ਆਉਂਦਾ। ਇਸ ਮੌਕੇ ਡਾ. ਮੁਲਤਾਨੀ ਨੇ ਕਿਹਾ ਕਿ ਸਕੂਲਾਂ ਵਿਚ ਸੋਸ਼ਲ ਸਿੱਖਿਆ ’ਤੇ ਜ਼ੋਰ ਦੇਣ ਲਈ ਅਧਿਆਪਕਾਂ ਨੂੰ ਅੱਗੇ ਆਉਣਾ ਚਾਹੀਦਾ ਤਾਂ ਜੋ ਬੱਚਿਆਂ ਵਿਚ ਦੇਸ਼, ਸਮਾਜ ਤੇ ਆਪਣੇ ਆਲੇ-ਦੁਆਲੇ ਬਾਰੇ ਜਾਗਰੂਕਤਾ ਅਤੇ ਜ਼ਿੰਮੇਵਾਰੀ ਵੱਧ ਸਕੇ। ਇਸ ਮੌਕੇ ਟਰੱਸਟ ਦੇ ਜਨਰਲ ਸਕੱਤਰ ਰਾਜਬੀਰ ਸਿੰਘ ਰਾਣਾ, ਖ਼ਜ਼ਾਨਚੀ ਰਘੁਬੀਰ ਜੁਨੇਜਾ, ਪ੍ਰੈੱਸ ਸਕੱਤਰ ਸਤੀਸ਼ ਰਾਣਾ, ਬਸੌਲੀ ਪਿੰਡ ਦੇ ਸਰਪੰਚ ਅਤੇ ਸਕੂਲ ਦੇ ਸਟਾਫ਼ ਮੈਂਬਰ ਆਦਿ ਹਾਜ਼ਰ ਸਨ।