ਸੇਵਾ ਭਾਰਤੀ ਸੰਸਥਾ ਵੱਲੋਂ ਡਾ. ਗੁਪਤਾ ਪ੍ਰਧਾਨ ਨਿਯੁਕਤ
ਸੇਵਾ ਭਾਰਤੀ ਸੰਸਥਾ ਨੇ ਡਾ. ਰਾਜੀਵ ਗੁਪਤਾ ਨੂੰ ਦੂਜੀ ਵਾਰ ਸੌਂਪੀ ਪ੍ਰਧਾਨਗੀ ਦੀ ਕਮਾਨ
Publish Date: Mon, 02 Feb 2026 07:37 PM (IST)
Updated Date: Mon, 02 Feb 2026 07:40 PM (IST)

- ਨਵੀਂ ਕਾਰਜਕਾਰਨੀ ਦਾ ਕੀਤਾ ਐਲਾਨ ਇਕਬਾਲ ਸਿੰਘ, ਪੰਜਾਬੀ ਜਾਗਰਣ ਡੇਰਾਬੱਸੀ : ਸਮਾਜ ਸੇਵਾ ਨੂੰ ਸਮਰਪਿਤ ਡੇਰਾਬੱਸੀ ਦੀ ਪ੍ਰਮੁੱਖ ਸੰਸਥਾ ‘ਸੇਵਾ ਭਾਰਤੀ’ ਦੀ ਡੇਰਾਬੱਸੀ ਇਕਾਈ ਨੇ ਆਪਣੀਆਂ ਸਰਗਰਮੀਆਂ ਨੂੰ ਨਵੀਂ ਦਿਸ਼ਾ ਦੇਣ ਲਈ ਇੱਕ ਅਹਿਮ ਬੈਠਕ ਕੀਤੀ। ‘ਮੈਂ ਇਕੱਲਾ ਹੀ ਤੁਰਿਆ ਸੀ ਜਾਨਿਬ-ਏ-ਮੰਜ਼ਿਲ ਮਗਰ, ਲੋਕ ਨਾਲ ਰਲਦੇ ਗਏ ਤੇ ਕਾਫ਼ਲਾ ਬਣਦਾ ਗਿਆ’ ਦੀ ਭਾਵਨਾ ਨੂੰ ਸਾਰਥਕ ਕਰਦਿਆਂ ਇਸ ਮਹੀਨਾਵਾਰ ਬੈਠਕ ਵਿਚ ਜਥੇਬੰਦੀ ਦੀ ਮਜ਼ਬੂਤੀ ਅਤੇ ਵਿਸਥਾਰ ’ਤੇ ਜ਼ੋਰ ਦਿੱਤਾ ਗਿਆ। ਇਸ ਦੌਰਾਨ ਸਮੂਹ ਮੈਂਬਰਾਂ ਨੇ ਇੱਕਮਤ ਹੋ ਕੇ ਡਾ. ਰਾਜੀਵ ਗੁਪਤਾ ਦੀਆਂ ਪਿਛਲੀਆਂ ਸੇਵਾਵਾਂ ਨੂੰ ਸਲਾਹੁਦੇ ਹੋਏ ਉਨ੍ਹਾਂ ਨੂੰ ਦੂਜੀ ਵਾਰ ਸੰਸਥਾ ਦਾ ਪ੍ਰਧਾਨ ਚੁਣ ਲਿਆ। ਡਾ. ਗੁਪਤਾ ਦਾ ਇਹ ਨਵਾਂ ਕਾਰਜਕਾਲ ਸਾਲ 2026 ਤੋਂ 2029 ਤਕ ਰਹੇਗਾ। ਸੰਸਥਾ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਵੀਂ ਕਾਰਜਕਾਰਨੀ ਦਾ ਐਲਾਨ ਵੀ ਕੀਤਾ ਗਿਆ। ਇਸ ਤਹਿਤ ਦਿਨੇਸ਼ ਸ਼ਰਮਾ ਨੂੰ ਜਨਰਲ ਸਕੱਤਰ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦਕਿ ਹਰਜੀਤ ਸਿੰਘ ਨੂੰ ਵਿੱਤ ਸਕੱਤਰ ਥਾਪਿਆ ਗਿਆ ਹੈ। ਇਸ ਤੋਂ ਇਲਾਵਾ ਤਜ਼ਰਬੇਕਾਰ ਆਗੂ ਬਲਦੇਵ ਰਾਜ ਗੁਪਤਾ ਨੂੰ ਸਹਿ-ਸਰਪ੍ਰਸਤ ਅਤੇ ਅਰਵਿੰਦ ਦੀਕਸ਼ਿਤ ਨੂੰ ਸਹਿ-ਸਕੱਤਰ ਵਜੋਂ ਸੇਵਾ ਨਿਭਾਉਣ ਦਾ ਮੌਕਾ ਦਿੱਤਾ ਗਿਆ ਹੈ। ਸੇਵਾ ਭਾਰਤੀ ਦੇ ਸਮਾਜ ਭਲਾਈ ਦੇ ਕੰਮਾਂ ਨੂੰ ਹੋਰ ਗਤੀ ਦੇਣ ਲਈ ਕਈ ਪਤਵੰਤਿਆਂ ਨੂੰ ਸੰਸਥਾ ਨਾਲ ਜੋੜਿਆ ਗਿਆ। ਨਵੇਂ ਸ਼ਾਮਲ ਹੋਏ ਮੈਂਬਰਾਂ ਵਿਚ ਲਲਿਤਾ, ਰਣਵੀਰ ਸਿੰਘ, ਗੁਰਨਾਮ ਸਿੰਘ, ਰਾਕੇਸ਼ ਭਾਰਗਵ, ਮਾਸਟਰ ਵਿਪਨ ਥੰਮਨ, ਸੁਭਾਸ਼ ਚੰਦ, ਅਮਿਤ, ਚਮਨਲਾਲ ਗੋਇਲ ਅਤੇ ਸੋਮਨਾਥ ਗਾਂਧੀ ਸ਼ਾਮਲ ਹਨ। ਉਮੀਦ ਜਤਾਈ ਗਈ ਹੈ ਕਿ ਇਨ੍ਹਾਂ ਨਵੇਂ ਮੈਂਬਰਾਂ ਦੇ ਜੁੜਨ ਨਾਲ ਸੇਵਾ ਕਾਰਜਾਂ ਵਿਚ ਹੋਰ ਤੇਜ਼ੀ ਆਵੇਗੀ। ਉੱਚ ਲੀਡਰਸ਼ਿਪ ਦੀ ਮੌਜੂਦਗੀ ’ਚ ਹੋਈ ਚੋਣ ਦੌਰਾਨ ਵਿਚ ਜ਼ਿਲ੍ਹੇ ਤੋਂ ਵਿਭਾਗ ਮੰਤਰੀ ਚੰਡੀਗੜ੍ਹ ਰਾਜ ਕੁਮਾਰ ਸ਼ਰਮਾ ਅਤੇ ਪੰਜਾਬ ਸੂਬੇ ਦੇ ਉਪ ਪ੍ਰਧਾਨ ਨਰੇਸ਼ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਦੀ ਅਗਵਾਈ ਹੇਠ ਹੀ ਨਵੀਂ ਟੀਮ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਸੀਨੀਅਰ ਮੈਂਬਰ ਅਸ਼ਵਨੀ ਜੈਨ ਅਤੇ ਜਗਦੀਸ਼ ਸਮੇਤ ਹੋਰ ਪੁਰਾਣੇ ਸਾਥੀ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਬੈਠਕ ਦੀ ਸਮਾਪਤੀ ’ਤੇ ਸਾਰਿਆਂ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਸੰਕਲਪ ਲਿਆ ਕਿ ਆਉਣ ਵਾਲੇ ਸਮੇਂ ਵਿਚ ਸੇਵਾ ਭਾਰਤੀ ਡੇਰਾਬੱਸੀ ਸਮਾਜ ਸੇਵਾ ਦੇ ਖੇਤਰ ਵਿਚ ਨਵੇਂ ਮੀਲ ਪੱਥਰ ਸਥਾਪਿਤ ਕਰੇਗੀ।