ਨਾਇਬ ਤਹਿਸੀਲਦਾਰ ’ਤੇ ਲੋਕਾਂ ਨਾਲ ਬਦਸਲੂਕੀ ਅਤੇ ਕੰਮ ਨਾ ਕਰਵਾਉਣ ਦੇ ਗੰਭੀਰ ਦੋਸ਼
ਨਾਇਬ ਤਹਿਸੀਲਦਾਰ ’ਤੇ ਲੋਕਾਂ ਨਾਲ ਬਦਸਲੂਕੀ ਅਤੇ ਕੰਮ ਨਾ ਕਰਵਾਉਣ ਦੇ ਗੰਭੀਰ ਦੋਸ਼,
Publish Date: Thu, 22 Jan 2026 06:33 PM (IST)
Updated Date: Thu, 22 Jan 2026 06:33 PM (IST)

ਕਿਸਾਨ ਜਥੇਬੰਦੀਆਂ ਵੱਲੋਂ ਤਹਿਸੀਲ ਕੰਪਲੈਕਸ ਵਿਖੇ ਧਰਨਾ ਦੇਣ ਦੀ ਚੇਤਾਵਨੀ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਭਾਕਿਯੂ ਉਗਰਾਹਾਂ ਜਥੇਬੰਦੀ ਦੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਹੈਪੀ ਨੇ ਨਾਇਬ ਤਹਿਸੀਲਦਾਰ ਹਰਸਿਮਰਨ ਸਿੰਘ ’ਤੇ ਲੋਕਾਂ ਨਾਲ ਬਦਸਲੂਕੀ ਕਰਨ ਤੇ ਜਾਇਜ਼ ਕੰਮ ਨਾ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅਤੇ ਆਮ ਲੋਕ ਤਹਿਸੀਲ ਦਫ਼ਤਰਾਂ ਦੇ ਚੱਕਰ ਕੱਟਦੇ ਰਹਿੰਦੇ ਹਨ, ਪਰ ਨਾਇਬ ਤਹਿਸੀਲਦਾਰ ਵੱਲੋਂ ਉਨ੍ਹਾਂ ਨੂੰ ਜਾਣਬੁੱਝ ਕੇ ਤੰਗ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਤਹਿਸੀਲਦਾਰ ਲੋਕਾਂ ਦੀ ਸੇਵਾ ਲਈ ਬੈਠੇ ਹਨ ਪਰ ਉਹ ਤਹਿਸੀਲਾਂ ਵਿਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨਾਲ ਬਦਸਲੂਕੀ ਕਰਦੇ ਹਨ। ਕਿਸਾਨ ਆਗੂ ਲਖਵਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਕਿਸੇ ਵੀ ਵਿਅਕਤੀ ਵੱਲੋਂ ਕੰਮ ਕਰਵਾਉਣ ਲਈ ਆਉਣ ’ਤੇ ਨਾਇਬ ਤਹਿਸੀਲਦਾਰ ਪੰਜ ਮਿੰਟ ਬਾਅਦ ਆਓ ਜਾਂ ਦਸ ਮਿੰਟ ਬਾਅਦ ਆਓ ਕਹਿ ਕੇ ਟਾਲਦੇ ਰਹਿੰਦੇ ਹਨ। ਕਈ ਵਾਰ ਘੰਟਿਆਂ ਬੈਠਾ ਕੇ ਰੱਖਿਆ ਜਾਂਦਾ ਹੈ ਅਤੇ ਅੰਤ ਵਿਚ ਕਾਗ਼ਜ਼ਾਂ ਵਿਚ ਖ਼ਾਮੀਆਂ ਕਹਿ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਥਿਤ ਤੌਰ ’ਤੇ ਰਿਸ਼ਵਤ ਦੇ ਪੈਸੇ ਪਹੁੰਚ ਜਾਣ ’ਤੇ ਕੰਮ ਤੁਰੰਤ ਹੋ ਜਾਂਦਾ ਹੈ, ਨਹੀਂ ਤਾਂ ਉਹੀ ਕਾਗ਼ਜ਼ਾਂ ਵਿਚ ਖ਼ਾਮੀਆਂ ਕੱਢੀਆਂ ਜਾਂਦੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਤਹਿਸੀਲ ਵਿਚ ਸਾਰਾ ਦਿਨ ਆਮ ਲੋਕ ਖੱਜਲ ਹੁੰਦੇ ਰਹਿੰਦੇ ਹਨ। ਉਹ ਜਿਹੜੇ ਵੀ ਉੱਚ ਅਧਿਕਾਰੀ ਨੂੰ ਸ਼ਿਕਾਇਤ ਕਰਦੇ ਹਨ ਤਾਂ ਕੋਈ ਸੁਣਵਾਈ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਵਿਚ ਆਮ ਆਦਮੀ ਦਾ ਹੀ ਸਰਕਾਰੀ ਦਫ਼ਤਰਾਂ ਵਿਚ ਨਿਰਾਦਰ ਹੋ ਰਿਹਾ ਹੈ, ਜਿਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਇਹ ਸਿਸਟਮ ਗਰੀਬ ਕਿਸਾਨਾਂ ਨਾਲ ਨਾ-ਇਨਸਾਫ਼ੀ ਹੈ, ਜੋ ਪਹਿਲਾਂ ਹੀ ਕਰਜ਼ੇ ਅਤੇ ਮਹਿੰਗਾਈ ਨਾਲ ਜੂਝ ਰਹੇ ਹਨ। ਲਖਵਿੰਦਰ ਸਿੰਘ ਨੇ ਕਿਹਾ ਕਿ ਜੇ ਅਧਿਕਾਰੀ ਇਮਾਨਦਾਰੀ ਨਾਲ ਡਿਊਟੀ ਨਿਭਾਉਣ, ਤਾਂ ਧਰਨਿਆਂ ਦੀ ਲੋੜ ਨਾ ਪਵੇ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਇਸਦੇ ਖ਼ਿਲਾਫ਼ ਯੂਨੀਅਨ ਵੱਲੋਂ ਕੱਲ੍ਹ ਸਵੇਰੇ 11 ਵਜੇ ਤਹਿਸੀਲ ਕੰਪਲੈਕਸ ਵਿਖੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਪ੍ਰਸ਼ਾਸਨ ਜਾਂ ਸਰਕਾਰ ਨੇ ਕੋਈ ਕਦਮ ਨਾ ਚੁੱਕਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਜਦੋਂ ਇਸ ਸਬੰਧੀ ਨਾਇਬ ਤਹਿਸੀਲਦਾਰ ਡੇਰਾਬੱਸੀ ਹਰਸਿਮਰਨ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਸਾਰੇ ਦੋਸ਼ ਨਕਾਰਦਿਆਂ ਕਿਹਾ ਕਿ ਜਾਇਜ਼ ਕੰਮ ਕਿਸੇ ਦਾ ਨਹੀਂ ਰੋਕਿਆ ਜਾ ਰਿਹਾ ਪਰ ਨਾਜਾਇਜ਼ ਕੰਮ ਲਈ ਜਵਾਬ ਦੇਣ ’ਤੇ ਲੋਕ ਝੂਠੇ ਦੋਸ਼ ਲਾਉਂਦੇ ਹਨ।