ਆਈਟੀ ਸਿਟੀ ਦੇ ਪਲਾਟਾਂ ਦੀਆਂ ਕੀਮਤਾਂ ’ਚ ਵਾਧੇ ਖ਼ਿਲਾਫ਼ ਸੈਕਟਰ ਵਾਸੀਆਂ ਨੇ ਖੋਲ੍ਹਿਆ ਮੋਰਚਾ
ਗਮਾਡਾ ਵੱਲੋਂ ਆਈ.ਟੀ. ਸਿਟੀ ਦੇ ਪਲਾਟਾਂ ਦੀਆਂ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਸੈਕਟਰ ਵਾਸੀਆਂ ਨੇ ਖੋਲ੍ਹਿਆ ਮੋਰਚਾ
Publish Date: Sat, 24 Jan 2026 08:08 PM (IST)
Updated Date: Sun, 25 Jan 2026 04:20 AM (IST)

ਫੋਟੋ ਕੈਪਸ਼ਨ: ਆਈ.ਟੀ. ਸਿਟੀ ਵਿੱਚ ਪਲਾਟਾਂ ਦੀਆਂ ਕੀਮਤਾਂ ਵਧਾਉਣ ਦੇ ਫ਼ੈਸਲੇ ਵਿਰੁੱਧ ਰੋਸ ਮੀਟਿੰਗ ਕਰਦੇ ਹੋਏ ਸ੍ਰ. ਨਸੀਬ ਸਿੰਘ ਸੰਧੂ ਅਤੇ ਵੱਖ-ਵੱਖ ਸੈਕਟਰਾਂ ਦੇ ਨਿਵਾਸੀ। ਜੀਐੱਸ ਸੰਧੂ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਗਮਾਡਾ ਵੱਲੋਂ ਆਈਟੀ ਸਿਟੀ ਦੇ ਪਲਾਟਾਂ ਦੀਆਂ ਕੀਮਤਾਂ ’ਚ ਕੀਤੇ ਗਏ ਵਾਧੇ ਖ਼ਿਲਾਫ਼ ਸੈਕਟਰ 82-ਏ, 83-ਏ ਤੇ 66-ਏ ਤੇ ਬੀ ਦੇ ਨਿਵਾਸੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਸੈਕਟਰ 82-ਏ ਦੇ ਬਲਾਕ ਪ੍ਰਧਾਨ ਤੇ ਸਮਾਜ ਸੇਵੀ ਆਗੂ ਨਸੀਬ ਸਿੰਘ ਸੰਧੂ, ਉਮੀਦਵਾਰ ਵਾਰਡ ਨੰਬਰ 24, ਨਗਰ ਨਿਗਮ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ’ਚ ਇਸ ਵਿੱਤੀ ਬੋਝ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਗਮਾਡਾ ਵੱਲੋਂ ਸਾਲ 2018 ਵਿੱਚ ਅਲਾਟ ਕੀਤੇ ਗਏ ਪਲਾਟਾਂ ਤੇ ਹੁਣ 7650 ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਵਾਧੂ ਰਕਮ ਵਸੂਲਣ ਦਾ ਫ਼ੈਸਲਾ ਸਰਾਸਰ ਨਾਇਨਸਾਫ਼ੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਪਹਿਲਾਂ ਹੀ ਬੈਂਕਾਂ ਤੋਂ ਕਰਜ਼ੇ ਲੈ ਕੇ ਮਹਿੰਗੇ ਭਾਅ ਤੇ ਘਰ ਬਣਾਏ ਹਨ ਅਤੇ ਹੁਣ ਅਚਾਨਕ ਲੱਖਾਂ ਰੁਪਏ ਦਾ ਹੋਰ ਬੋਝ ਪਾਉਣਾ ਲੋਕਾਂ ਦੀ ਜੇਬ ਤੇ ਡਾਕਾ ਮਾਰਨ ਦੇ ਬਰਾਬਰ ਹੈ। ਸੈਕਟਰ ਵਾਸੀਆਂ ਨੇ ਤਰਕ ਦਿੱਤਾ ਕਿ ਜੇਕਰ ਜ਼ਮੀਨ ਮਾਲਕਾਂ ਨੂੰ ਵਧਿਆ ਹੋਇਆ ਮੁਆਵਜ਼ਾ ਦੇਣਾ ਵੀ ਹੈ, ਤਾਂ ਗਮਾਡਾ ਨੂੰ ਇਹ ਰਕਮ ਆਪਣੇ ਪੱਲਿਓਂ ਦੇਣੀ ਚਾਹੀਦੀ ਹੈ। ਗਮਾਡਾ ਨੇ ਇੱਥੇ ਕਮਰਸ਼ੀਅਲ ਜਾਇਦਾਦਾਂ ਵੇਚ ਕੇ ਅਰਬਾਂ ਰੁਪਏ ਦਾ ਮੁਨਾਫ਼ਾ ਕਮਾਇਆ ਹੈ ਅਤੇ ਅਜੇ ਵੀ ਗਮਾਡਾ ਕੋਲ ਕਈ ਮਹਿੰਗੀਆਂ ਸਾਈਟਾਂ ਮੌਜੂਦ ਹਨ। ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਕਿ ਇਸ ਗੰਭੀਰ ਮੁੱਦੇ ਨੂੰ ਲੈ ਕੇ ਜਲਦ ਹੀ ਹਲਕਾ ਵਿਧਾਇਕ ਕੁਲਵੰਤ ਸਿੰਘ ਨਾਲ ਮੁਲਾਕਾਤ ਕੀਤੀ ਜਾਵੇਗੀ। ਉਨ੍ਹਾਂ ਤੋਂ ਮੰਗ ਕੀਤੀ ਜਾਵੇਗੀ ਕਿ ਉਹ ਗਮਾਡਾ ਅਧਿਕਾਰੀਆਂ ਅਤੇ ਸਰਕਾਰ ਨਾਲ ਗੱਲ ਕਰਕੇ ਇਸ ਫ਼ੈਸਲੇ ਨੂੰ ਤੁਰੰਤ ਰੱਦ ਕਰਵਾਉਣ। ਇਸ ਮੌਕੇ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦੇ ਗੋਬਿੰਦਰ ਸਿੰਘ, ਜਸਪਾਲ ਸਿੰਘ ਮਾਨ, ਹਰਿੰਦਰ ਸਿੰਘ ਸਹੋਤਾ, ਮਨਜੀਤ ਸਿੰਘ, ਸਤਵੰਤ ਸਿੰਘ ਚਾਹਲ, ਗੁਰਦਿੱਤਾ ਸਿੰਘ ਸਿੱਧੂ, ਬਲਬੀਰ ਸਿੰਘ ਬੈਦਵਾਨ, ਮਨਪ੍ਰੀਤ ਸਿੰਘ ਸਿੱਧੂ ਹਾਜ਼ਰ ਸਨ।