ਦੂਜੇ ਕਬੱਡੀ ਕੱਪ ’ਚ ਟਿਵਾਣਾ ਟੀਮ ਬਣੀ ਜੇਤੂ
ਸੁਭਾਸ਼ ਸ਼ਰਮਾ ਦੀ ਅਗਵਾਈ ਹੇਠ ਦੂਜੇ ਕਬੱਡੀ ਕੱਪ ਦਾ ਆਯੋਜਨ, ਟਿਵਾਣਾ ਟੀਮ ਬਣੀ ਜੇਤੂ
Publish Date: Mon, 30 Mar 2026 07:07 PM (IST)
Updated Date: Mon, 30 Mar 2026 07:09 PM (IST)

- ਖਿਡਾਰੀਆਂ ਨੂੰ ਨਕਦ ਇਨਾਮ ਦੇ ਕੇ ਕੀਤਾ ਸਨਮਾਨਿਤ ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ ਲਾਲੜੂ : ਲਾਲੜੂ ਦੇ ਖੇਡ ਸਟੇਡੀਅਮ ਵਿਚ ਸ਼ਹੀਦ ਭਗਤ ਸਿੰਘ ਯੂਥ ਵੈੱਲਫੇਅਰ ਕਲੱਬ ਵੱਲੋਂ ਦੂਜਾ ਕਬੱਡੀ ਕੱਪ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਇਹ ਖੇਡ ਮੁਕਾਬਲਾ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਵਾਈਸ ਚੇਅਰਮੈਨ ਸੁਭਾਸ਼ ਸ਼ਰਮਾ ਦੇ ਸਹਿਯੋਗ ਨਾਲ ਕੀਤਾ ਗਿਆ, ਜਿਸ ਵਿਚ ਇਲਾਕੇ ਦੇ ਖੇਡ ਪ੍ਰੇਮੀਆਂ ਦੀ ਵੱਡੀ ਭੀੜ ਵੇਖਣ ਨੂੰ ਮਿਲੀ। ਇਸ ਕਬੱਡੀ ਕੱਪ ਵਿਚ ਕੁੱਲ 24 ਟੀਮਾਂ ਨੇ ਹਿੱਸਾ ਲਿਆ, ਜਿਸ ਨਾਲ ਮੁਕਾਬਲੇ ਦਾ ਪੱਧਰ ਕਾਫ਼ੀ ਉੱਚਾ ਰਿਹਾ। ਸ਼ੁਰੂਆਤੀ ਮੈਚਾਂ ਤੋਂ ਲੈ ਕੇ ਸੈਮੀਫਾਈਨਲ ਤੱਕ ਸਾਰੇ ਮੁਕਾਬਲੇ ਬਹੁਤ ਹੀ ਰੋਮਾਂਚਕ ਰਹੇ ਅਤੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਫਾਈਨਲ ਮੁਕਾਬਲਾ ਪਿੰਡ ਟਿਵਾਣਾ ਅਤੇ ਚੋਈ ਸਾਹਿਬ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ ਵਿਚ ਦੋਵਾਂ ਟੀਮਾਂ ਨੇ ਜ਼ਬਰਦਸਤ ਖੇਡ ਦਿਖਾਈ। ਸਖ਼ਤ ਮੁਕਾਬਲੇ ਤੋਂ ਬਾਅਦ ਪਿੰਡ ਟਿਵਾਣਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਜਿੱਤ ਕੇ ਜੇਤੂ ਬਣਨ ਦਾ ਮਾਣ ਹਾਸਲ ਕੀਤਾ। ਜੇਤੂ ਟੀਮ ਨੂੰ ਪਹਿਲੇ ਇਨਾਮ ਵਜੋਂ 31,000 ਰੁਪਏ ਦੀ ਰਕਮ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ, ਜਦਕਿ ਉਪ ਜੇਤੂ ਟੀਮ ਨੂੰ 21,000 ਰੁਪਏ ਦਾ ਇਨਾਮ ਦਿੱਤਾ ਗਿਆ। ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਪੰਜਾਬ ਹੈਲਥ ਕਾਰਪੋਰੇਸ਼ਨ ਸਿਸਟਮ ਦੇ ਵਾਈਸ ਚੇਅਰਮੈਨ ਵਿਕੀ ਘਨੌਰ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ। ਉਨ੍ਹਾਂ ਦੇ ਨਾਲ ਕਬੱਡੀ ਖਿਡਾਰੀ ਟਿੰਕੂ ਘਨੌਰ ਵੀ ਮੌਜੂਦ ਸਨ। ਪ੍ਰੋਗਰਾਮ ਵਿਚ ਮਾਰਕੀਟ ਕਮੇਟੀ ਮੁਹਾਲੀ ਦੇ ਚੇਅਰਮੈਨ ਗੋਬਿੰਦ ਮਿੱਤਲ, ਗਊ ਸੇਵਾ ਸੰਗਠਨ ਦੇ ਮੈਂਬਰ ਅਮਿਤ ਜੈਨ, ਟਰੱਕ ਯੂਨੀਅਨ ਦੇ ਪ੍ਰਧਾਨ ਨਰਿੰਦਰ ਧੀਮਾਨ, ਮਾਰਕੀਟ ਕਮੇਟੀ ਲਾਲੜੂ ਦੇ ਚੇਅਰਮੈਨ ਬਲਵਿੰਦਰ ਸਿੰਘ ਸਮੇਤ ਕਈ ਹਸਤੀਆਂ ਮੌਜੂਦ ਰਹੀਆਂ। ਇਸ ਤੋਂ ਇਲਾਵਾ ਸਰਪੰਚ ਕੁਲਦੀਪ ਸਿੰਘ, ਸਾਬਕਾ ਸਰਪੰਚ ਗੁਰਪਾਲ ਸਿੰਘ, ਸੁਰਜਨ ਸਿੰਘ, ਸੁਰੇਸ਼ ਸ਼ਰਮਾ, ਰਮੇਸ਼ ਸ਼ਰਮਾ, ਬੱਬਲਪ੍ਰੀਤ, ਡਾ. ਵਿਨੋਦ ਕੁਮਾਰ, ਡਾ. ਸੰਜੀਵ ਵਰਮਾ, ਰਮੇਸ਼ ਸੈਣੀ ਗਾਜੀਪੁਰ, ਸਤਪਾਲ ਸੈਣੀ ਗਾਜੀਪੁਰ, ਕੁਲਦੀਪ ਸਿੰਘ ਗਾਜੀਪੁਰ ਅਤੇ ਲਖਵਿੰਦਰ ਸਿੰਘ ਨੰਬਰਦਾਰ ਗਾਜੀਪੁਰ ਸਮੇਤ ਹੋਰ ਸਮਾਜ ਸੇਵੀਆਂ ਨੇ ਵੀ ਆਪਣੀ ਹਾਜ਼ਰੀ ਲਗਵਾਈ। ਮੁਕਾਬਲੇ ਦੇ ਅਖੀਰ ਵਿਚ ਬੈਸਟ ਰੇਡਰ ਦਾ ਖਿਤਾਬ ਪਿੱਤਾ ਟਿਵਾਣਾ ਨੂੰ ਦਿੱਤਾ ਗਿਆ, ਜਦਕਿ ਬੈਸਟ ਜਾਫ਼ੀ ਦਾ ਇਨਾਮ ਨੰਨਾ ਧਨੌਰੀ ਨੂੰ ਮਿਲਿਆ। ਦੋਵਾਂ ਖਿਡਾਰੀਆਂ ਨੂੰ ਵੱਖਰੀ ਨਕਦ ਰਕਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖੇਤਰ ਦੇ ਨੌਜਵਾਨਾਂ ’ਚ ਖੇਡਾਂ ਪ੍ਰਤੀ ਨਵਾਂ ਜੋਸ਼ ਪੈਦਾ ਹੋਇਆ।