ਐੱਸਡੀਐੱਮ ਦਫ਼ਤਰ ਖਰੜ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਦਫ਼ਤਰ ਕਰਵਾਇਆ ਖਾਲੀ, ਪੁਲਿਸ ਵੱਲੋਂ ਸਰਚ ਆਪ੍ਰੇਸ਼ਨ
ਐੱਸਡੀਐੱਮ ਦਫ਼ਤਰ ਖਰੜ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਦਫ਼ਤਰ ਕਰਵਾਇਆ ਖਾਲੀ
Publish Date: Fri, 09 Jan 2026 07:44 PM (IST)
Updated Date: Fri, 09 Jan 2026 07:45 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸ਼ੁੱਕਰਵਾਰ ਸਵੇਰੇ ਐੱਸਡੀਐੱਮ ਖਰੜ ਦੇ ਦਫ਼ਤਰ ਵਿਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਵਿਭਾਗ ਦੀ ਸਰਕਾਰੀ ਈਮੇਲ ਤੇ ਦਫ਼ਤਰ ਸਮੇਤ ਕਈ ਥਾਵਾਂ ਨੂੰ ਬੰਬ ਨਾਲ ਉਡਾਉਣ ਦਾ ਧਮਕੀ ਭਰਿਆ ਸੰਦੇਸ਼ ਪ੍ਰਾਪਤ ਹੋਇਆ। ਧਮਕੀ ਮਿਲਣ ਤੋਂ ਤੁਰੰਤ ਬਾਅਦ ਪ੍ਰਸ਼ਾਸਨ ਨੇ ਸਾਵਧਾਨੀ ਵਜੋਂ ਸਵੇਰੇ 9:30 ਵਜੇ ਪੂਰੇ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਅਤੇ ਕਰਮਚਾਰੀਆਂ ਤੇ ਆਮ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਪੁਲਿਸ ਅਤੇ ਬੰਬ ਨਿਰੋਧਕ ਦਸਤੇ ਵੱਲੋਂ ਤਲਾਸ਼ੀ ਸੂਚਨਾ ਮਿਲਦੇ ਹੀ ਪੁਲਿਸ ਨੇ ਇਲਾਕੇ ਨੂੰ ਘੇਰੇ ਵਿਚ ਲੈ ਕੇ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ। ਮੌਕੇ ਤੇ ਬੰਬ ਸਕੁਐਡ ਅਤੇ ਡੌਗ ਸਕੁਐਡ ਨੂੰ ਬੁਲਾਇਆ ਗਿਆ, ਜਿਨ੍ਹਾਂ ਨੇ ਪਾਰਕਿੰਗ, ਦਫ਼ਤਰ ਦੇ ਕਮਰਿਆਂ ਅਤੇ ਆਲੇ-ਦੁਆਲੇ ਦੇ ਹਿੱਸਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ। ਹਾਲਾਂਕਿ, ਤਲਾਸ਼ੀ ਦੌਰਾਨ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਪੁਲਿਸ ਦੇ ਸਾਈਬਰ ਸੈੱਲ ਵੱਲੋਂ ਈਮੇਲ ਭੇਜਣ ਵਾਲੇ ਦੀ ਪਛਾਣ ਲਈ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ। ਧਮਕੀ ਦਾ ਕਾਰਨ: ਮਦੁਰੈ ਦਰਗਾਹ ਦਾ ਵਿਰੋਧ ਪ੍ਰਦਰਸ਼ਨ ਈਮੇਲ ਭੇਜਣ ਵਾਲੇ ਨੇ ਤਮਿਲਨਾਡੂ ਦੇ ਮਦੁਰੈ ਦਰਗਾਹ ਨਾਲ ਸਬੰਧਤ ਵਿਰੋਧ ਪ੍ਰਦਰਸ਼ਨਾਂ ਨੂੰ ਇਸ ਧਮਕੀ ਦਾ ਮੁੱਖ ਕਾਰਨ ਦੱਸਿਆ ਹੈ। ਈਮੇਲ ਵਿਚ ਦੋਸ਼ ਲਾਇਆ ਗਿਆ ਹੈ ਕਿ ਇਨ੍ਹਾਂ ਪ੍ਰਦਰਸ਼ਨਾਂ ਕਾਰਨ ਡੀਐੱਮਕੇ ਪਾਰਟੀ ਦਾ ਧਿਆਨ ਭਟਕ ਰਿਹਾ ਹੈ। ਪ੍ਰਸ਼ਾਸਨ ਅਨੁਸਾਰ ਇਹ ਧਮਕੀ ਸਿਰਫ਼ ਦਹਿਸ਼ਤ ਪੈਦਾ ਕਰਨ ਦੇ ਮਕਸਦ ਨਾਲ ਦਿੱਤੀ ਗਈ ਜਾਪਦੀ ਹੈ। ਜ਼ਿਲ੍ਹਾ ਅਦਾਲਤ ਮੁਹਾਲੀ ਵਿਚ ਵੀ ਸੁਰੱਖਿਆ ਸਖ਼ਤ ਜ਼ਿਕਰਯੋਗ ਹੈ ਕਿ ਬੀਤੇ ਵੀਰਵਾਰ ਨੂੰ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਨੂੰ ਵੀ ਇਸੇ ਤਰ੍ਹਾਂ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਅੱਜ ਵੀ ਪੁਲਿਸ ਦੀ ਐਂਟੀ-ਸੈਬੋਟਾਜ ਟੀਮ ਨੇ ਅਦਾਲਤ ਕੰਪਲੈਕਸ ਵਿਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫ਼ਵਾਹਾਂ ਤੋਂ ਬਚਣ ਅਤੇ ਪੁਲਿਸ ਨੂੰ ਸਹਿਯੋਗ ਦੇਣ। ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੋਣ ਤੋਂ ਬਾਅਦ ਹੀ ਦਫ਼ਤਰ ਦਾ ਕੰਮਕਾਜ ਮੁੜ ਸ਼ੁਰੂ ਕੀਤਾ ਗਿਆ।