ਸੱਥ ਵੱਲੋਂ ਪੁਸਤਕ ‘ਧਰਤੀ ਪੰਜਾਬ ਦੀ’ ਲੋਕ ਅਰਪਣ
ਸੱਥ ਵੱਲੋਂ ਪੁਸਤਕ ‘ਧਰਤੀ ਪੰਜਾਬ ਦੀ’ ਲੋਕ ਅਰਪਣ
Publish Date: Sun, 15 Mar 2026 05:51 PM (IST)
Updated Date: Sun, 15 Mar 2026 05:54 PM (IST)

ਮਹਿਰਾ, ਪੰਜਾਬੀ ਜਾਗਰਣ, ਖਰੜ : ਸਾਹਿਤਕ ਸੱਥ ਖਰੜ ਵੱਲੋਂ ਸਥਾਨਕ ਜੋਤੀ ਸਰੂਪ ਕੰਨਿਆਂ ਆਸਰਾ ਵਿਖੇ ਮਹਿੰਦਰ ਸਿੰਘ ਗੋਸਲਾਂ ਦੀ ਕਾਵਿ-ਪੁਸਤਕ “ਧਰਤੀ ਪੰਜਾਬ ਦੀ” ਲੋਕ ਅਰਪਣ ਕੀਤੀ ਗਈ ਅਤੇ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਪੰਜਾਬੀ ਦੇ ਉੱਘੇ ਲੇਖਕ ਅਤੇ ਅਲੋਚਕ ਪ੍ਰੋ. ਬ੍ਰਹਮ ਜਗਦੀਸ਼ ਸਿੰਘ ਸਨ। ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦੇ ਨਾਲ ਡਾ. ਹਰਮਿੰਦਰ ਸਿੰਘ ਸੰਸਥਾਪਕ ਕੰਨਿਆਂ ਆਸਰਾ, ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਤੇ ਪਿਆਰਾ ਸਿੰਘ ਰਾਹੀ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਵੱਲੋਂ ਪੁਸਤਕ ਲੋਕ ਅਰਪਣ ਕਰਨ ਉਪਰੰਤ ਜਸਵਿੰਦਰ ਸਿੰਘ ਕਾਈਨੌਰ ਅਤੇ ਭੁਪਿੰਦਰ ਸਿੰਘ ਮਟੋਰੀਆ ਵੱਲੋਂ ਵਿਚਾਰ ਚਰਚਾ ਕੀਤੀ ਗਈ। ਜਸਵਿੰਦਰ ਸਿੰਘ ਕਾਈਨੌਰ ਨੇ ਪੇਪਰ ਪੜ੍ਹਦਿਆਂ ਕਿਹਾ ਕਿ ਇਸ ਪੁਸਤਕ ਵਿਚ ਸਮਾਜਿਕ ਬੁਰਾਈਆਂ, ਰਾਜਨੀਤਿਕ ਪਾਖੰਡ ਅਤੇ ਮਨੁੱਖੀ ਰਿਸ਼ਤਿਆਂ ਦੇ ਬਦਲਦੇ ਰੂਪਾਂ ਨੂੰ ਬਹੁਤ ਹੀ ਸਰਲ ਪਰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ। ਭੁਪਿੰਦਰ ਮਟੌਰੀਆ ਨੇ ਕਿਹਾ ਕਿ ਭਾਵੇਂ ਇਸ ਪੁਸਤਕ ਦੀਆਂ ਰਚਨਾਵਾਂ ਕਾਵਿ-ਲੈਅ ਪੱਖੋਂ ਕਮਜ਼ੋਰ ਹਨ ਪਰ ਲੇਖਕ ਆਪਣਾ ਸੰਦੇਸ਼ ਦੇਣ ਵਿਚ ਕਾਮਯਾਬ ਰਿਹਾ ਹੈ। ਪੁਸਤਕ ਦੇ ਲੇਖਕ ਮਹਿੰਦਰ ਸਿੰਘ ਗੋਸਲਾਂ ਨੇ ਸਭ ਦਾ ਧੰਨਵਾਦ ਕੀਤਾ ਅਤੇ ਪੁਸਤਕ ਵਿਚੋਂ ਆਪਣੀਆਂ ਰਚਨਾਵਾਂ ਵੀ ਸੁਣਾਈਆਂ। ਤਰਸੇਮ ਸਿੰਘ ਕਾਲੇਵਾਲ ਦੇ ਧਾਰਮਿਕ ਗੀਤ ਨਾਲ ਸ਼ੁਰੂ ਹੋਏ ਕਵੀ ਦਰਬਾਰ ਵਿਚ ਰਮਨਦੀਪ ਕੌਰ, ਗੁਰਪ੍ਰੀਤ ਕੌਰ, ਮਨਜੀਤ ਪਾਲ ਸਿੰਘ, ਪਿਆਰਾ ਸਿੰਘ ਰਾਹੀ, ਸਰਬਜੀਤ ਸਿੰਘ, ਮਲਕੀਤ ਨਾਗਰਾ, ਬਲਵਿੰਦਰ ਸਿੰਘ ਢਿੱਲੋਂ, ਦਲਬੀਰ ਸਿੰਘ ਸਰੋਆ, ਬੰਤ ਸਿੰਘ ਦੀਪ, ਅਮਰਜੀਤ ਕੌਰ ਮੋਰਿੰਡਾ, ਜਸਮਿੰਦਰ ਸਿੰਘ ਰਾਉ, ਮੰਦਰ ਗਿੱਲ ਸਾਹਿਬਚੰਦੀਆ, ਖੁਸ਼ੀ ਰਾਮ ਨਿਮਾਣਾ, ਕੇਸਰ ਸਿੰਘ ਇੰਸਪੈਕਟਰ, ਗੁਰਸ਼ਰਨ ਸਿੰਘ ਕਾਕਾ, ਇੰਦਰਜੀਤ ਕੌਰ ਵਡਾਲਾ, ਸੁਰਿੰਦਰ ਕੌਰ ਬਾੜਾ, ਹਰਜਿੰਦਰ ਸਿੰਘ ਗੋਪਾਲੋਂ, ਡਾ. ਰੁਪਿੰਦਰ ਕੌਰ, ਅਮਨਦੀਪ ਕੌਰ ਭੱਟੀ ਅਤੇ ਹਾਕਮ ਸਿੰਘ ਨੱਤਿਆਂ ਨੇ ਆਪਣੀਆਂ ਵੱਖ-ਵੱਖ ਕਾਵਿ-ਰਚਨਾਵਾਂ ਰਾਹੀਂ ਖ਼ੂਬ ਰੰਗ ਬੰਨਿਆਂ। ਇਨ੍ਹਾਂ ਤੋਂ ਇਲਾਵਾ ਰਣਜੀਤ ਕੌਰ ਕਾਈਨੌਰ, ਜਗਤਾਰ ਸਿੰਘ, ਰਾਜਵਿੰਦਰ ਸਿੰਘ ਗੱਡੂ, ਪ੍ਰਤਾਪ ਸਿੰਘ, ਭਾਗ ਸਿੰਘ ਸ਼ਾਹਪੁਰ ਅਤੇ ਅਮਨਦੀਪ ਸਿੰਘ ਆਦਿ ਵੀ ਹਾਜ਼ਰ ਹੋਏ। ਮੰਚ ਸੰਚਾਲਨ ਪਿਆਰਾ ਸਿੰਘ ਰਾਹੀ ਵੱਲੋਂ ਬਾਖ਼ੂਬੀ ਨਿਭਾਇਆ ਗਿਆ। ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆਂ ਡਾ. ਹਰਮਿੰਦਰ ਸਿੰਘ ਨੇ ਸੰਸਥਾ ਬਾਰੇ ਵਿਸਥਾਰਿਤ ਭਾਵਪੂਰਕ ਜਾਣਕਾਰੀ ਸਾਂਝੀ ਕੀਤੀ। ਮੁੱਖ ਮਹਿਮਾਨ ਪ੍ਰੋ. ਬ੍ਰਹਮ ਜਗਦੀਸ਼ ਸਿੰਘ ਨੇ ਪੁਸਤਕ ਬਾਰੇ ਬੋਲਦਿਆਂ ਲੇਖਕ ਨੂੰ ਵਧਾਈ ਦਿੰਦਿਆਂ ਕੁੱਝ ਸੁਝਾਅ ਵੀ ਦਿੱਤੇ। ਉਨ੍ਹਾਂ ਨੇ ਕਵੀ ਦਰਬਾਰ ਵਿਚ ਪੇਸ਼ ਰਚਨਾਵਾਂ ਦੀ ਸ਼ਲਾਘਾ ਕਰਦਿਆਂ ਸੱਥ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਪ੍ਰਸ਼ੰਸਾ ਕੀਤੀ।