ਬੀਡੀਪੀਓ ਦਫ਼ਤਰੋਂ ਸਰਪੰਚ ਦਾ ਮੋਟਰਸਾਈਕਲ ਚੋਰੀ, ਜਾਂਚ ਜਾਰੀ
ਬੀਡੀਪੀਓ ਦਫ਼ਤਰ ਤੋਂ ਸਰਪੰਚ ਦਾ ਮੋਟਰਸਾਈਕਲ ਚੋਰੀ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
Publish Date: Tue, 10 Feb 2026 07:32 PM (IST)
Updated Date: Wed, 11 Feb 2026 04:12 AM (IST)
ਫੋਟੋ ਕੈਪਸ਼ਨ : ਚਾਬੀ ਵਿਖਾਕੇ ਚੋਰੀ ਹੋਏ ਮੋਟਰਸਾਈਕਲ ਬਾਰੇ ਜਾਣਕਾਰੀ ਦਿੰਦੇ ਸਰਪੰਚ ਜਸਮੇਰ ਸਿੰਘ। 12ਪੀ
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਸਥਿਤ ਬੀਡੀਪੀਓ ਦਫ਼ਤਰ ਦੇ ਬਾਹਰੋਂ ਦਿਨ-ਦਿਹਾੜੇ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਡੇਰਾਬੱਸੀ ਬਲਾਕ ਅਧੀਨ ਪੈਂਦੇ ਪਿੰਡ ਪੁਨਸਰ ਦੇ ਸਰਪੰਚ ਜਸਮੇਰ ਸਿੰਘ ਬੀਡੀਪੀਓ ਦਫ਼ਤਰ ਡੇਰਾਬੱਸੀ ਵਿਖੇ ਇਕ ਸਰਕਾਰੀ ਬੈਠਕ ’ਚ ਸ਼ਾਮਲ ਹੋਣ ਲਈ ਆਏ ਹੋਏ ਸਨ। ਸਰਪੰਚ ਨੇ ਦੱਸਿਆ ਕਿ ਉਹ ਆਪਣੇ ਪਲਸਰ ਮੋਟਰਸਾਈਕਲ ’ਤੇ ਬੀਡੀਪੀਓ ਦਫ਼ਤਰ ਪਹੁੰਚੇ ਸਨ ਤੇ ਮੋਟਰਸਾਈਕਲ ਦਫ਼ਤਰ ਦੇ ਬਾਹਰ ਨਿਰਧਾਰਿਤ ਥਾਂ ’ਤੇ ਖੜ੍ਹਾ ਕੀਤਾ। ਬੈਠਕ ਕਾਫ਼ੀ ਸਮੇਂ ਤੱਕ ਚੱਲਦੀ ਰਹੀ ਤੇ ਜਦੋਂ ਬੈਠਕ ਸਮਾਪਤ ਹੋਣ ਉਪਰੰਤ ਉਹ ਬਾਹਰ ਆਏ ਤਾਂ ਉਨ੍ਹਾਂ ਦਾ ਮੋਟਰਸਾਈਕਲ ਉੱਥੋਂ ਗਾਇਬ ਸੀ।
ਇਸ ਘਟਨਾ ਤੋਂ ਬਾਅਦ ਸਰਪੰਚ ਵੱਲੋਂ ਤੁਰੰਤ ਦਫ਼ਤਰ ਦੇ ਆਸ-ਪਾਸ ਮੋਟਰਸਾਈਕਲ ਦੀ ਭਾਲ ਕੀਤੀ ਗਈ, ਪਰ ਕੋਈ ਸੁਰਾਗ ਨਹੀਂ ਮਿਲਿਆ। ਇਸ ਸਬੰਧੀ ਬੀਡੀਪੀਓ ਦਫ਼ਤਰ ਦੇ ਕਰਮਚਾਰੀਆਂ ਨੂੰ ਜਾਣੂ ਕਰਵਾਇਆ ਗਿਆ ਅਤੇ ਬਾਅਦ ਵਿਚ ਸਥਾਨਕ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਇਸ ਮਾਮਲੇ ਸਬੰਧੀ ਪੁਲਿਸ ਵੱਲੋਂ ਸ਼ਿਕਾਇਤ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰੀ ਦਫ਼ਤਰਾਂ ਦੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਬਣਾਏ ਜਾਣ।