ਸਫ਼ਾਈ ਸੇਵਕਾਂ ਵੱਲੋਂ ਮੁੱਲਾਂਪੁਰ ਈਕੋ ਸਿਟੀ ਦੇ ਬਾਹਰ ਰੋਸ ਮੁਜ਼ਾਹਰਾ
ਸਫ਼ਾਈ ਸੇਵਕਾਂ ਵੱਲੋਂ ਮੁੱਲਾਂਪੁਰ ਈਕੋ ਸਿਟੀ ਦੇ ਬਾਹਰ ਰੋਸ ਮੁਜ਼ਾਹਰਾ,
Publish Date: Mon, 06 Apr 2026 10:01 PM (IST)
Updated Date: Mon, 06 Apr 2026 10:05 PM (IST)

- ਗਮਾਡਾ ਦਫ਼ਤਰ ਅੱਗੇ ਹੋਣ ਵਾਲਾ ਕੂੜਾ ਸੁੱਟ ਪ੍ਰਦਰਸ਼ਨ ਮੁਲਤਵੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁੱਲਾਂਪੁਰ ਗਰੀਬਦਾਸ : ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਵੱਲੋਂ ਸੋਮਵਾਰ ਨੂੰ ਮੁੱਲਾਂਪੁਰ ਈਕੋ ਸਿਟੀ 2 ਵਿਖੇ ਠੇਕੇਦਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਦੇ ਨਿੱਜੀ ਦਖ਼ਲ ਉਪਰੰਤ ਨਵੇਂ ਠੇਕੇਦਾਰ ਨੂੰ ਕੰਮ ਸ਼ਰੂ ਕਰਨ ਤੋਂ ਰੋਕ ਦਿੱਤਾ ਗਿਆ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਸਪੈਸ਼ਲ ਬ੍ਰਾਂਚ ਦੇ ਡੀਐੱਸਪੀ ਗੁਰਪ੍ਰੀਤ ਸਿੰਘ ਬੈਂਸ ਅਤੇ ਇੰਸਪੈਕਟਰ ਰਾਜੀਵ ਕੁਮਾਰ ਵੱਲੋਂ ਸਫ਼ਾਈ ਕਰਮਚਾਰੀਆਂ ਨੂੰ ਰੋਸ ਮਾਰਚ ਨਾ ਕਰਨ ਦੀ ਅਪੀਲ ਕੀਤੀ ਗਈ ਅਤੇ ਗਮਾਡਾ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਯੂਨੀਅਨ ਆਗੂਆਂ ਦੀ ਮੰਗਲਵਾਰ ਨੂੰ ਬਾਅਦ ਦੁਪਹਿਰ ਤਿੰਨ ਵਜੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨਾਲ ਬੈਠਕ ਕਰਵਾਉਣ ਦਾ ਪੱਤਰ ਜਾਰੀ ਕਰਵਾਇਆ ਗਿਆ, ਜਿਸ ਕਾਰਨ ਸਫ਼ਾਈ ਫੈੱਡਰੇਸ਼ਨ ਵੱਲੋਂ 7 ਅਪ੍ਰੈਲ ਨੂੰ ਗਮਾਡਾ ਦਫ਼ਤਰ ਦੇ ਬਾਹਰ ਕੂੜਾ ਸੁੱਟ ਕੇ ਰੋਸ ਪ੍ਰਦਰਸ਼ਨ ਦਾ ਪ੍ਰੋਗਰਾਮ ਮੁਲਤਵੀ ਕਰਨ ਦਾ ਐਲਾਨ ਕੀਤਾ ਗਿਆ। ਫੈੱਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਪਵਨ ਗੋਡਯਾਲ ਨੇ ਚਿਤਾਵਨੀ ਦਿੱਤੀ ਕਿ ਜੇਕਰ ਹੁਣ ਵੀ ਗਮਾਡਾ ਪ੍ਰਸ਼ਾਸਨ ਵੱਲੋਂ ਮੁੱਲਾਂਪੁਰ ਈਕੋ ਸਿਟੀ-1 ਵਿਖੇ ਡੋਰ-ਟੂ-ਡੋਰ ਕੂੜਾ ਚੁੱਕਣ ਦਾ ਠੇਕਾ ਦੇਣ ਦਾ ਫ਼ੈਸਲਾ ਵਾਪਸ ਨਾ ਲਿਆ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਮੁਹਾਲੀ ਨਗਰ ਨਿਗਮ ਸਮੇਤ ਜ਼ਿਲ੍ਹੇ ਅੰਦਰ ਸਮੂਹ ਨਗਰ ਕੌਂਸਲਾਂ ਜ਼ੀਰਕਪੁਰ, ਡੇਰਾਬੱਸੀ, ਨਿਆਗਾਓਂ ਅਤੇ ਖਰੜ ਵਿਖੇ ਸਫ਼ਾਈ ਦਾ ਕੰਮ ਬੰਦ ਕਰਕੇ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਜਾਵੇਗੀ ਅਤੇ ਗਮਾਡਾ ਦਫ਼ਤਰ ਅੱਗੇ ਕੂੜਾ ਸੁੱਟ ਪ੍ਰਦਰਸ਼ਨ ਕਰਕੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਦਾ ਪੁਤਲਾ ਫੂਕਿਆ ਜਾਵੇਗਾ। ਇਸ ਮੌਕੇ ਮੁਹਾਲੀ ਦੇ ਆਗੂ ਰਾਜਨ ਚਾਵਰੀਆਂ, ਬ੍ਰਿਜ ਮੋਹਨ, ਰਾਜੁ ਸੰਗੇਲਿਆ, ਸਚਿਨ ਕੁਮਾਰ, ਰਜਿੰਦਰ, ਰੋਸ਼ਨ ਅਤੇ ਜ਼ੀਰਕਪੁਰ ਤੋਂ ਰਾਜੇਸ਼ ਕਾਂਗੜਾ, ਨਿਆਗਾਓਂ ਤੋਂ ਜੈਪਾਲ ਅਤੇ ਖਰੜ ਤੋਂ ਬਲਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।