ਸਫ਼ਾਈ ਕਾਮਿਆਂ ਦਾ ਵੱਡਾ ਐਕਸ਼ਨ: ਗੇਟ ਨੂੰ ਤਾਲਾ ਲਗਾ ਕੇ ਕੀਤਾ ਰੋਸ ਮੁਜ਼ਾਹਰਾ, 10 ਜੂਨ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ
ਮੁਹਾਲੀ ਨਗਰ ਨਿਗਮ ਦੇ ਫੇਜ਼-1 ਸਥਿਤ ਸਟੋਰ ਵਿਚ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਨਿਗਮ ਕਮਿਸ਼ਨਰ ਵੱਲੋਂ ਸਰਕਾਰੀ ਗੱਡੀਆਂ/ਟਿੱਪਰ ਆਦਿ ਪ੍ਰਾਈਵੇਟ ਠੇਕੇਦਾਰ ਦੇ ਹਵਾਲੇ ਕਰਨ ਲਈ ਕਰਮਚਾਰੀ ਭੇਜ ਦਿੱਤੇ। ਸੂਚਨਾ ਮਿਲਦੇ ਹੀ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਸੂਬਾ ਸੀਨੀਅਰ ਵਾਈਸ ਪ੍ਰਧਾਨ ਮੋਹਣ ਸਿੰਘ, ਜਨਰਲ ਸਕੱਤਰ ਪਵਨ ਗੋਡਯਾਲ ਅਤੇ ਸਫ਼ਾਈ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਗੇਟ ਨੂੰ ਤਾਲਾ ਲਗਾ ਕੇ ਸਰਕਾਰ, ਕਮਿਸ਼ਨਰ ਅਤੇ ਐਸਈ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
Publish Date: Sat, 06 Jun 2026 04:43 PM (IST)
Updated Date: Sat, 06 Jun 2026 04:46 PM (IST)

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਮੁਹਾਲੀ ਨਗਰ ਨਿਗਮ ਦੇ ਫੇਜ਼-1 ਸਥਿਤ ਸਟੋਰ ਵਿਚ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਨਿਗਮ ਕਮਿਸ਼ਨਰ ਵੱਲੋਂ ਸਰਕਾਰੀ ਗੱਡੀਆਂ/ਟਿੱਪਰ ਆਦਿ ਪ੍ਰਾਈਵੇਟ ਠੇਕੇਦਾਰ ਦੇ ਹਵਾਲੇ ਕਰਨ ਲਈ ਕਰਮਚਾਰੀ ਭੇਜ ਦਿੱਤੇ।
ਸੂਚਨਾ ਮਿਲਦੇ ਹੀ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਸੂਬਾ ਸੀਨੀਅਰ ਵਾਈਸ ਪ੍ਰਧਾਨ ਮੋਹਣ ਸਿੰਘ, ਜਨਰਲ ਸਕੱਤਰ ਪਵਨ ਗੋਡਯਾਲ ਅਤੇ ਸਫ਼ਾਈ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਗੇਟ ਨੂੰ ਤਾਲਾ ਲਗਾ ਕੇ ਸਰਕਾਰ, ਕਮਿਸ਼ਨਰ ਅਤੇ ਐਸਈ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਇਸ ਮੌਕੇ ਪ੍ਰਧਾਨ ਅਨਿਲ ਕੁਮਾਰ, ਡਰਾਈਵਰ ਯੂਨੀਅਨ ਦੇ ਪ੍ਰਧਾਨ ਸੋਹਣ ਲਾਲ, ਸਤੀਸ਼ ਕੁਮਾਰ, ਜਗਦੀਸ਼ ਸਿੰਘ, ਯਸ਼ਪਾਲ, ਕਨਨ, ਚਾਂਦ ਰਾਮ, ਮਨਪ੍ਰੀਤ ਸਿੰਘ ਸਮੇਤ ਹੋਰ ਆਗੂ ਅਤੇ ਸਫ਼ਾਈ ਕਰਮਚਾਰੀ ਮੌਜੂਦ ਸਨ। ਸੂਬਾ ਜਨਰਲ ਸਕੱਤਰ ਪਵਨ ਗੋਡਯਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕਹਿਣੀ ਅਤੇ ਕਥਨੀ ਜ਼ਮੀਨ ਅਸਮਾਨ ਦਾ ਅੰਤਰ ਹੈ।
ਉਨ੍ਹਾਂ ਕਿਹਾ ਕਿ ਚਾਰ ਦਿਨ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਵਿੱਚ ਪ੍ਰਾਈਵੇਟ ਠੇਕੇਦਾਰਾਂ ਨੂੰ ਵਿਭਾਗਾਂ ਤੋਂ ਬਾਹਰ ਕੱਢਣ ਅਤੇ ਪੰਜਾਬ ’ਚੋਂ ਠੇਕੇਦਾਰੀ ਸਿਸਟਮ ਖ਼ਤਮ ਕਰਨ ਦਾ ਐਲਾਨ ਕੀਤਾ ਸੀ ਪਰ ਹੁਣ ਨਗਰ ਨਿਗਮ ਵੱਲੋਂ ਸਰਕਾਰੀ ਮਸੀਨਰੀ, ਸਾਰੀਆਂ ਕੂੜਾ ਚੁੱਕਣ ਵਾਲੀਆਂ ਗੱਡੀਆਂ, ਮਸ਼ੀਨਰੀ ਆਦਿ ਠੇਕੇਦਾਰ ਦੇ ਹਵਾਲੇ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਜਿਸ ਦਾ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਜ਼ੋਰਦਾਰ ਵਿਰੋਧ ਕਰਦੀ ਹੈ।
ਆਗੂਆਂ ਨੇ ਕਿਹਾ ਕਿ ਕਿਸੇ ਵੀ ਕੀਮਤ ’ਤੇ ਸਰਕਾਰੀ ਗੱਡੀਆਂ ਠੇਕੇਦਾਰ ਕੰਪਨੀ ਦੇ ਹਵਾਲੇ ਨਹੀਂ ਕਰਨ ਦਿੱਤੀਆਂ ਜਾਣਗੀਆਂ।
ਆਗੂਆਂ ਨੇ ਰੋਸ ਜਤਾਇਆ ਕਿ ਸਰਕਾਰ ਨਾ ਤਾਂ ਕਰਮਚਾਰੀਆਂ ਨੂੰ ਪੱਕਾ ਕਰ ਰਹੀ ਹੈ ਅਤੇ ਨਗਰ ਨਿਗਮ ਦੀ ਹੱਦਬੰਦੀ ਵੱਧਣ ਕਾਰਨ ਨਵੇਂ ਸੈਕਟਰਾਂ ਵਿੱਚ 1500/ਸਫ਼ਾਈ ਸੇਵਕਾਂ ਦੀ ਭਰਤੀ ਵੀ ਨਹੀਂ ਕੀਤੀ ਜਾ ਰਹੀ।
ਜਦੋਂਕਿ ਨਵੇਂ ਏਰੀਆ ਵਿੱਚ ਕੌਸਲਰਾਂ ਦੀਆਂ ਚੋਣਾਂ ਵੀ ਹੋ ਚੁੱਕੀਆਂ ਹਨ। ਇਸ ਦੇ ਉਲਟ ਨਗਰ ਨਿਗਮ ਵੱਲੋਂ ਸਰਕਾਰੀ ਮਸ਼ੀਨਰੀ ਪ੍ਰਾਈਵੇਟ ਠੇਕੇਦਾਰ ਦੇ ਹਵਾਲੇ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਜਿਸ ਕਰਕੇ ਸਮੁੱਚੇ ਵਾਲਮੀਕਿ ਸਮਾਜ ਅਤੇ ਸਫ਼ਾਈ ਸੇਵਕਾਂ ਅਤੇ ਕਰਮਚਾਰੀਆਂ ਵਿੱਚ ਜ਼ਬਰਦਸਤ ਰੋਸ ਪਾਇਆ ਜਾ ਰਿਹਾ ਹੈ।
ਜਥੇਬੰਦੀ ਨੇ ਮੰਗ ਕੀਤੀ ਕਿ ਹੱਦਬੰਦੀ ਵਿੱਚ ਸ਼ਾਮਲ ਹੋਏ ਨਵੇਂ ਪਿੰਡਾਂ ਅਤੇ ਸੈਕਟਰਾਂ ਵਿੱਚ ਸਫਾਈ ਲਈ ਘੱਟੋ- ਘੱਟ 1500/ਸਫ਼ਾਈ ਸੇਵਕਾਂ/ਸੀਵਰਮੈਨਾਂ ਦੀ ਰੈਗੂਲਰ ਭਰਤੀ ਕੀਤੀ ਜਾਵੇ, ਸਾਲ 2021-22 ਵਿੱਚ ਕੰਟਰੈਕਟ 'ਤੇ ਭਰਤੀ ਕੀਤੇ ਲਗਾਤਾਰ ਤਿੰਨ ਸਾਲ ਪੂਰੇ ਕਰਦੇ ਸਫਾਈ ਸੇਵਕਾਂ ਨੂੰ ਰੈਗੂਲਰ ਕੀਤਾ ਜਾਵੇ।
ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਉਕਤ ਮੰਗਾਂ ’ਤੇ ਵਿਚਾਰ ਕਰਕੇ ਮੰਗਾਂ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ 10 ਜੂਨ ਤੋਂ ਸ਼ਹਿਰ ਦੀ ਸਫ਼ਾਈ ਦਾ ਕੰਮ ਬੰਦ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਜਾਵੇਗੀ। ਇਸ ਦੌਰਾਨ ਪੈਦਾ ਹੋਣ ਵਾਲੇ ਹਾਲਾਤਾਂ ਨਗਰ ਨਿਗਮ ਪ੍ਰਸ਼ਾਸਨ ਖੁਦ ਜ਼ਿੰਮੇਵਾਰ ਹੋਵੇਗਾ।